ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਇਕ ਨੌਜਵਾਨ ਤੇ ਉਸ ਦੀ ਮਹਿਲਾ ਦੋਸਤ ਦੀ ਜ਼ਬਰਦਸਤੀ ਵੀਡੀਉ ਬਣਾ ਕੇ ਗਰੁੱਪਾਂ 'ਚ ਵਾਇਰਲ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਤਿੰਨ ਮੈਂਬਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਪ੍ਰਤੀਕ ਨੈਨ ਪੁੱਤਰ ਰਾਕੇਸ਼ ਵਾਸੀ ਰਾਮ ਨਗਰ ਰੋਹਤਕ ਹਰਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਤੇ ਏ.ਆਈ.ਜੀ ਫਲੈਟ 'ਚ ਰਹਿ ਰਿਹਾ ਹੈ | ਉਹ ਆਪਣੇ ਫਲੈਟ 'ਚ ਆਪਣੀ ਮਹਿਲਾ ਦੋਸਤ ਨਾਲ ਮੌਜੂਦ ਸੀ ਤਾਂ ਅਚਾਨਕ ਕੁੱਝ ਸ਼ਰਾਰਤੀ ਅਨਸਰ ਜ਼ਬਰਦਸਤੀ ਉਸ ਦੇ ਫਲੈਟ 'ਚ ਵੜ ਗਏ ਤੇ ਉਸ ਦੇ ਬੈੱਡ-ਰੂਮ ਦਾ ਤਾਲਾ ਤੋੜ ਲਿਆ ਤੇ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਵੀਡੀਉ ਬਣਾਉਣ ਲੱਗ ਪਏ ਤੇ ਗਾਲੀ ਗਲੋਚ ਕਰਨ ਲੱਗ ਪਏ | ਜਿਸ ਤੋਂ ਬਾਅਦ ਇਨ੍ਹਾਂ ਧਮਕੀਆਂ ਦਿੱਤੀਆਂ ਕਿ ਇਹ ਸਾਰੀਆਂ ਵੀਡੀਉ ਉਹ ਗਰੁੱਪਾਂ 'ਚ ਫ਼ੈਲਾ ਦੇਣਗੇ ਤੇ ਇਨ੍ਹਾਂ ਇਹ ਸਾਰੀਆਂ ਵੀਡੀਉ ਗਰੁੱਪਾਂ 'ਚ ਵਾਇਰਲ ਕਰ ਦਿੱਤੀਆਂ | ਜਿਸ ਸਬੰਧ 'ਚ ਪੁਲਿਸ ਨੇ ਹੀਰਾ ਦੀਪ ਪੁੱਤਰ ਸਤਵੰਤ ਸਿੰਘ, ਮਲਿਕਾ ਸਾਗਰਾ ਪਤਨੀ ਹੀਰਾ ਦੀਪ ਤੇ ਸਰਬਜੀਤ ਕੌਰ ਪਤਨੀ ਪਲਵਿੰਦਰ ਸਿੰਘ ਵਾਸੀਆਨ ਖਜੂਰਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |