ਕਪੂਰਥਲਾ, 6 ਸਤੰਬਰ (ਅਮਰਜੀਤ ਕੋਮਲ)-ਉੱਘੇ ਅਦਾਕਾਰ ਤੇ ਕਾਮੇਡੀਅਨ ਮਰਹੂਮ ਡਾ. ਜਸਵਿੰਦਰ ਭੱਲਾ ਦੀ ਟੀਮ ਵਲੋਂ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਕੰਮੇਵਾਲ ਤੇ ਬਾਘੂਵਾਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ | ਟੀਮ ਵਿਚ ਸ਼ਾਮਿਲ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਤੇ ਉੱਘੇ ਕਾਮੇਡੀਅਨ ਬਾਲ ਮੁਕੰਦ ਸ਼ਰਮਾ, ਡਾ. ਜਸਵਿੰਦਰ ਭੱਲਾ ਦੇ ਪੁੱਤਰ ਅਦਾਕਾਰ ਪੁਖਰਾਜ ਭੱਲਾ, ਨੰੂਹ ਦੀਸ਼ੂ ਭੱਲਾ, ਪੁੱਤਰੀ ਜੀਨੰੂ ਭੱਲਾ, ਸ੍ਰੀਮਤੀ ਸੁਸ਼ੀਲ ਸ਼ਰਮਾ ਤੋਂ ਇਲਾਵਾ ਪੰਜਾਬ ਦੇ ਟਾਊਨ ਪਲੈਨਿੰਗ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਐੱਮ.ਐੱਸ. ਔਜਲਾ, ਨਰਿੰਦਰ ਸ਼ਰਮਾ, ਜੋਤੀ ਪ੍ਰਕਾਸ਼, ਕਾਮੇਡੀਅਨ ਦੀਪਕ ਰਾਜਾ, ਨਵਦੀਪ ਸਿੰਘ ਸੂਜੋਕਾਲੀਆ ਤੇ ਟੀਮ ਦੇ ਹੋਰ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਪਿੰਡ ਕੰਮੇਵਾਲ ਤੇ ਬਾਘੂਵਾਲ ਦੇ ਲੋਕਾਂ ਨੂੰ ਦਵਾਈਆਂ, ਪਾਣੀ, ਬਰੈੱਡ ਤੇ ਹੋਰ ਲੋੜੀਂਦੀ ਸਮੱਗਰੀ ਤਕਸੀਮ ਕੀਤੀ | ਲੋਕਾਂ ਵਲੋਂ ਕੀਤੀ ਗਈ ਮੰਗ 'ਤੇ ਬਾਲ ਮੁਕੰਦ ਸ਼ਰਮਾ ਤੇ ਪੁਖਰਾਜ ਭੱਲਾ ਨੇ ਭਰੋਸਾ ਦਿਵਾਇਆ ਕਿ ਦੋਵਾਂ ਪਿੰਡਾਂ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਣਕ ਦਾ ਬੀਜ ਤੇ ਡਾਇਆ ਖਾਦ ਅਗਲੇ ਮਹੀਨੇ ਮੁਹੱਈਆ ਕਰਵਾਈ ਜਾਵੇਗੀ ਤੇ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਤੇ ਵਿਭਾਗ ਦੇ ਡਾਇਰੈਕਟਰ ਨੂੰ ਵੀ ਅਪੀਲ ਕਰਨਗੇ ਤੇ ਹੜ੍ਹ ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪਸ਼ੂ ਧਨ ਲਈ ਅਗਲੇ ਦੋ ਮਹੀਨਿਆਂ ਦੀ ਫੀਡ ਦੀ ਪ੍ਰਬੰਧ ਕੀਤਾ ਜਾਵੇਗਾ | ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਜੇਕਰ ਪ੍ਰਭਾਵਿਤ ਲੋਕਾਂ ਨੂੰ ਕੋਈ ਹੋਰ ਸਮੱਸਿਆ ਹੋਵੇ ਤਾਂ ਡਾ: ਜਸਵਿੰਦਰ ਭੱਲਾ ਦੀ ਟੀਮ ਨਾਲ ਸੰਪਰਕ ਕੀਤਾ ਜਾਵੇ | ਇਸ ਮੌਕੇ ਪੁਖਰਾਜ ਭੱਲਾ ਨੇ ਕਿਹਾ ਕਿ ਇਸ ਔਖੀ ਘੜੀ ਖ਼ਾਲਸਾ ਏਡ, ਗਲੋਬਲ ਸਿੱਖ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਤੇ ਕਲਾਕਾਰ ਭਾਈਚਾਰਾ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਾ ਹੈ ਤੇ ਉਨ੍ਹਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਦੇ ਉੱਤਰਨ ਤੋਂ ਬਾਅਦ ਲੋਕਾਂ ਨੂੰ ਅਗਲੇ ਦੋ ਹਫ਼ਤਿਆਂ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੀ ਮਦਦ ਲਈ ਰੂਪ ਰੇਖਾ ਉਲੀਕੀ ਜਾਵੇਗੀ | ਇਸ ਮੌਕੇ ਮਾਰਕਫੈੱਡ ਕਪੂਰਥਲਾ ਦੇ ਫੀਡ ਪਲਾਂਟ ਦੇ ਜਨਰਲ ਮੈਨੇਜਰ ਰਾਜ ਸ਼ੇਰ ਸਿੰਘ ਛੀਨਾ, ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ, ਮਾਰਕਫੈੱਡ ਦੇ ਮੈਨੇਜਰ ਸਚਿਨ ਗਰਗ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |