ਸੁਲਤਾਨਪੁਰ ਲੋਧੀ, 22 ਸਤੰਬਰ (ਥਿੰਦ)-ਕਪੂਰਥਲਾ ਜ਼ਿਲ੍ਹੇ ਦੇ ਇੱਕੋ ਇੱਕ ਨਾਭ ਤੋਂ ਮਾਨਤਾ ਪ੍ਰਾਪਤ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਸੁਲਤਾਨਪੁਰ ਲੋਧੀ ਵਲੋਂ ਦਰਿਆ ਬਿਆਸ ਦੀ ਮਾਰ ਨਾਲ ਮੰਡ ਖੇਤਰ ਦੇ ਦਰਿਆ ਵਿਚਕਾਰ ਘਿਰੇ ਹੋਏ ਛੋਟੇ ਛੋਟੇ ਬੇਚਿਰਾਜ ਪਿੰਡ ਬਾਊਪੁਰ ਜਦੀਦ, ਬਾਊਪੁਰ ਕਦੀਮ, ਸਾਂਗਰਾ, ਭੀਮ ਕਦੀਮ ਅਤੇ ਹੋਰ ਪਿੰਡਾਂ ਦੇ ਪੀੜਤ ਲੋਕਾਂ ਦੇ ਮੁਫ਼ਤ ਇਲਾਜ ਲਈ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਮ.ਡੀ. ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਹੜ੍ਹ ਨਾਲ ਕਾਫੀ ਪਿੰਡਾਂ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਹਸਪਤਾਲ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਿਹੜੇ ਵੀ ਪਿੰਡਾਂ ਦੇ ਲੋਕ ਹੜ੍ਹ ਦੀ ਮਾਰ ਹੇਠਾਂ ਆਏ ਹਨ, ਉਨ੍ਹਾਂ ਪਿੰਡਾਂ ਦੇ ਸਾਰੇ ਮਰੀਜ਼ਾਂ ਦਾ ਹਰ ਤਰ੍ਹਾਂ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਅਮਨਪ੍ਰੀਤ ਹਸਪਤਾਲ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਪਿੰਡਾਂ ਬਾਊਪੁਰ ਪੁਲ, ਲੱਖਵਰਿਆਂਹ, ਆਹਲੀਕਲਾਂ ਤੇ ਆਹਲੀਖੁਰਦ ਆਦਿ ਦੇ ਬੰਨ ਨੇੜੇ ਜਾ ਕੇ ਕੈਂਪ ਲਗਾ ਕੇ ਲੋਕਾਂ ਦਾ ਚੈੱਕਅਪ ਕਰਦੇ ਹਨ ਤੇ ਲੋੜ ਅਨੁਸਾਰ ਸਾਰੀਆਂ ਦਵਾਈਆਂ ਬਿਲਕੁਲ ਮੁਫ਼ਤ ਦੇ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ | ਡਾ. ਅਮਨਪ੍ਰੀਤ ਸਿੰਘ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮਰੀਜ਼ ਜਿਸਨੂੰ ਦਵਾਈ ਦੀ ਲੋੜ ਹੋਏ ਸਾਡੇ ਹਸਪਤਾਲ ਦੀ ਟੀਮ ਨਾਲ ਸੰਪਰਕ ਕਰਕੇ ਮੁਫ਼ਤ ਹਾਸਲ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਹੜ੍ਹ ਦਾ ਪਾਣੀ ਖੇਤਾਂ ਵਿਚੋਂ ਨਹੀਂ ਸੁੱਕ ਜਾਂਦਾ ਤੇ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਤਦ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਹ ਫ਼ਰੀ ਇਲਾਜ ਦੀ ਸਹੂਲਤ ਜਾਰੀ ਰਹੇਗੀ | ਉਨ੍ਹਾਂ ਨਾਲ ਪੀ.ਜੀ.ਆਈ. ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਦੀਪ ਸਿੰਘ, ਡਾ. ਸ਼ੁਸ਼ਾਂਤ ਤੇ ਲਖਵਿੰਦਰ ਸਿੰਘ, ਮੈਨੇਜਰ ਸੁਮਨ ਥਾਪਰ ਤੇ ਹੋਰ ਸਟਾਫ਼ ਹਾਜ਼ਰ ਸਨ |