ਕਪੂਰਥਲਾ, 25 ਸਤੰਬਰ (ਅਮਨਜੋਤ ਸਿੰਘ ਵਾਲੀਆ)-ਸੁਲਤਾਨਪੁਰ ਲੋਧੀ ਰੋਡ 'ਤੇ ਨਵੀਂ ਸਬਜ਼ੀ ਮੰਡੀ ਦੇ ਬਾਹਰ ਰੇਹੜੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਸ.ਐਸ.ਐਫ. ਦੀ ਟੀਮ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ | ਜੇਰੇ ਇਲਾਜ ਚਰਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਲਰੂ ਨੇ ਦੱਸਿਆ ਕਿ ਉਹ ਆਪਣੇ ਸਾਥੀ ਰੋਬਿਨਪ੍ਰੀਤ ਨਾਲ ਕਪੂਰਥਲਾ ਤੋਂ ਘਰੇਲੂ ਸਮਾਨ ਲੈ ਕੇ ਵਾਪਸ ਜਾ ਰਿਹਾ ਸੀ, ਜਦੋਂ ਉਹ ਨਵੀਂ ਸਬਜ਼ੀ ਮੰਡੀ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਦੇ ਮੋਟਰਸਾਈਕਲ ਮੂਹਰੇ ਰੇਹੜੀ ਆ ਗਈ, ਜਿਸ ਕਾਰਨ ਉਹ ਰੇਹੜੀ ਨਾਲ ਟਕਰਾਉਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਐਸ.ਐਸ.ਐਫ. ਦੇ ਏ.ਐਸ.ਆਈ. ਹਰਨੇਕ ਸਿੰਘ ਅਤੇ ਐਸ.ਸੀ. ਵਿਮਲ ਕੁਮਾਰ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਜਸ਼ਨ ਵਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ | ਡਾਕਟਰਾਂ ਨੇ ਦੱਸਿਆ ਕਿ ਇਕ ਨੌਜਵਾਨ ਚਰਨਜੀਤ ਦੀ ਲੱਤ ਟੁੱਟ ਗਈ ਹੈ ਅਤੇ ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |