ਕਪੂਰਥਲਾ, 25 ਸਤੰਬਰ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਵਲੋਂ ਕਾਲਜ ਵਿਚ ਵਿੱਤੀ ਸਾਖਰਤਾ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਪ੍ਰੋ. ਸੁਮੀਤ ਸਰਾਓ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨਿਵੇਸ਼ ਦੇ ਸਰੋਤਾਂ, ਮਿਉਚਲ ਫ਼ੰਡ ਤੇ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਨਿਵੇਸ਼ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਛੋਟੇ ਨਿਵੇਸ਼ ਵੀ ਸਮੇਂ ਦੇ ਨਾਲ ਨਾਲ ਵੱਡੇ ਲਾਭ ਵਿਚ ਬਦਲ ਸਕਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਮਿਉਚਲ ਫ਼ੰਡ ਦੇ ਲਾਭ ਤੇ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ | ਪਿ੍ੰਸੀਪਲ ਡਾ. ਢਿੱਲੋਂ ਨੇ ਵਿਦਿਆਰਥੀਆਂ ਨੂੰ ਛੋਟੀਆਂ ਬੱਚਤਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਤੇ ਕਿਹਾ ਕਿ ਛੋਟੀ ਉਮਰ ਤੋਂ ਹੀ ਜੇ ਬੱਚਤ ਕਰਨ ਦੀ ਆਦਤ ਪਾਈ ਜਾਵੇ ਤਾਂ ਭਵਿੱਖ ਵਿਚ ਮਜ਼ਬੂਤ ਆਰਥਿਕ ਆਧਾਰ ਬਣਾਇਆ ਜਾ ਸਕਦਾ ਹੈ | ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਮੁੱਖ ਰਿਸੋਰਸ ਪਰਸਨ ਕੋਲੋਂ ਵਿੱਤੀ ਨਿਵੇਸ਼ ਸਬੰਧੀ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਤਸੱਲੀਬਖ਼ਸ਼ ਢੰਗ ਨਾਲ ਜਵਾਬ ਦਿੱਤੇ | ਸੈਮੀਨਾਰ ਵਿਚ ਬੀ.ਕਾਮ, ਬੀ.ਬੀ.ਏ. ਦੇ ਵਿਦਿਆਰਥੀਆਂ ਤੋਂ ਇਲਾਵਾ ਕਾਮਰਸ ਵਿਭਾਗ ਦੇ ਪ੍ਰੋ. ਡਿੰਪਲ ਭੰਡਾਰੀ, ਪ੍ਰੋ. ਮਨਜੋਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |