ਫਗਵਾੜਾ, 27 ਸਤੰਬਰ (ਹਰਜੋਤ ਸਿੰਘ ਚਾਨਾ)-ਪਲਾਸਟਿਕ ਦੇ ਬੈਗਾਂ ਦੀ ਵਰਤੋਂ ਨੂੰ ਛੱਡ ਕੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਨਗਰ ਨਿਗਮ ਫਗਵਾੜਾ ਵੱਲੋਂ ਦਮੋਦਰ ਦਾਸ ਮੰਦਰ ਨੇੜੇ ਸਿਨੇਮਾ ਰੋਡ ਵਿਖੇ 'ਮੋਬਾਈਲ ਥੈਲਾ ਬੈਂਕ' ਦਾ ਉਦਘਾਟਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਮੇਅਰ ਰਾਮਪਾਲ ਉੱਪਲ ਤੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਥੈਲਾ ਬੈਂਕ ਸ਼ਹਿਰ ਵਾਸੀਆਂ ਨੂੰ ਕੱਪੜੇ ਤੇ ਜੂਟ ਦੇ ਬੈਗ ਪ੍ਰਦਾਨ ਕਰਕੇ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਪੇਸ਼ ਕੀਤਾ ਗਿਆ ਹੈ | ਇਹ ਥੈਲਾ ਬੈਂਕ ਸੁਵਿਧਾਜਨਕ ਤੇ ਕਿਫਾਇਤੀ ਦੋਵੇਂ ਤਰ੍ਹਾਂ ਦੇ ਟਿਕਾਊ ਵਿਕਲਪ ਬਣਾਉਣ ਲਈ ਤਿਆਰ ਕੀਤਾ ਗਿਆ ਹੈ | ਥੈਲਾ ਬੈਂਕ ਸਟਾਲ ਇਹ ਯਕੀਨੀ ਬਣਾਉਂਦਾ ਹੈ ਕਿ ਸ਼ਹਿਰ ਵਾਸੀ ਘੱਟੋ-ਘੱਟ ਕੀਮਤ 'ਤੇ ਆਪਣੀ ਰੋਜ਼ਾਨਾ ਖਰੀਦਦਾਰੀ 'ਚ ਕੱਪੜੇ ਦੇ ਬੈਗ ਆਸਾਨੀ ਨਾਲ ਖਰੀਦ ਸਕਣ | ਇਸ ਮੌਕੇ 'ਤੇ ਬੋਲਦਿਆਂ ਡਾ. ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਪਲਾਸਟਿਕ ਵਿਰੁੱਧ ਮੁਹਿੰਮ ਇੱਕ ਸਮੂਹਿਕ ਸਮਾਜਿਕ ਜ਼ਿੰਮੇਵਾਰੀ ਹੈ | ਪਲਾਸਟਿਕ ਵਿਰੁੱਧ ਲੜਾਈ ਸਿਰਫ਼ ਇੱਕ ਪ੍ਰਸ਼ਾਸਕੀ ਕੰਮ ਨਹੀਂ ਹੈ, ਸਗੋਂ ਇੱਕ ਭਾਈਚਾਰਕ ਮਿਸ਼ਨ ਹੈ | ਇਸ ਮੌਕੇ ਮਾਹਰ ਪੂਜਾ, ਸੁਨੀਤਾ, ਆਸ਼ਾ ਮਲਕੀਤ ਸਿੰਘ ਰਘਬੋਤਰਾ, ਹਰਬੰਸ ਲਾਲ ਤੇ ਜਤਿੰਦਰ ਵਰਮਾ ਸਮੇਤ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ |