ਭੁਲੱਥ, 27 ਸਤੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਕਰਨੈਲ ਗੰਜ ਵਿਚ ਕੁਝ ਸਾਲਾਂ ਤੋਂ ਰਹਿ ਰਹੇ ਤੇ ਸੁਨਿਆਰੇ ਦਾ ਕੰਮ ਕਰਦੇ ਵਿਅਕਤੀ ਵੱਲੋਂ ਅਨੋਖੇ ਤਰੀਕੇ ਨਾਲ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਿਸ਼ਵ ਪ੍ਰਤਾਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਰਨੈਲ ਗੰਜ ਨੇ ਦੱਸਿਆ ਕਿ ਵਿਜੇ ਕੁਮਾਰ ਪੁੱਤਰ ਹੰਸ ਰਾਜ ਵਾਸੀ ਕਪੂਰਥਲਾ ਨਜ਼ਦੀਕ ਚੁੰਗੀ ਅੰਮਿ੍ਤਸਰ ਰੋਡ ਉਨ੍ਹਾਂ ਦੇ ਪਿੰਡ ਕਰਨੈਲ ਗੰਜ ਵਿਖੇ ਕੁਝ ਸਾਲਾਂ ਤੋਂ ਕਿਰਾਏ ਤੇ ਘਰ ਲੈ ਕੇ ਸੁਨਹਿਰੇ ਦਾ ਕੰਮ ਕਰਦਾ ਸੀ, ਮੈਂ ਉਸ ਪਾਸੋਂ ਸੋਨਾ ਬਣਾਉਣ ਲਈ ਗਿਆ ਤੇ ਉਸ ਨੇ ਮੈਨੂੰ ਕਿਹਾ ਕਿ ਹੁਸ਼ਿਆਰਪੁਰ ਸੋਨਾ ਸਸਤਾ ਹੈ ਤੇ ਮੈਨੂੰ ਨਾਲ ਲੈ ਕੇ ਸੁਨਿਆਰੇ ਦੀ ਵੱਡੀ ਦੁਕਾਨ 'ਤੇ ਲੈ ਗਿਆ ਤੇ 9 ਲੱਖ 50 ਹਜ਼ਾਰ ਰੁਪਏ ਦਾ ਸੋਨਾ ਖ਼ਰੀਦਿਆ | ਮੈਂ ਦੁਕਾਨਦਾਰ ਪਾਸੋਂ ਖ਼ਰੀਦੇ ਗਏ ਸੋਨੇ ਦਾ ਬਿੱਲ ਮੰਗਿਆ ਤਾਂ ਉਸਨੇ ਕਿਹਾ ਕਿ ਟੈਕਸ ਪਵੇਗਾ ਤੂੰ ਬਿੱਲ ਰਹਿਣ ਦੇ, ਮੈਂ ਵਿਜੇ ਕੁਮਾਰ ਸੁਨਿਆਰੇ ਦੇ ਝਾਂਸੇ ਵਿਚ ਆ ਕੇ 2 ਲੱਖ 50 ਹਜ਼ਾਰ ਰੁਪਏ ਗਹਿਣੇ ਬਣਾਉਣ ਲਈ ਨਗਦੀ ਦਿੱਤੇ, ਸੁਨਿਆਰੇ ਵਿਜੇ ਕੁਮਾਰ ਨੇ ਬੀਤੀ 15 ਸਤੰਬਰ ਨੂੰ ਸ਼ਾਮ 3 ਵਜੇ ਗਹਿਣੇ ਬਣਾ ਕੇ ਦੇਣ ਦਾ ਸਮਾਂ ਲੈ ਲਿਆ ਸੀ, ਮੈਂ ਵਿਦੇਸ਼ ਪੁਰਤਗਾਲ ਵਾਪਸ ਜਾਣਾ ਸੀ, ਲੇਕਿਨ ਉਸਨੇ ਉਸ ਦਿਨ ਹੀ ਸਾਡੇ ਪਿੰਡ ਦੇ ਸਰਪੰਚ ਹਰਭਜਨ ਸਿੰਘ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਮੈਨੂੰ ਰਸਤੇ ਵਿਚ ਅਣਪਛਾਤੇ ਵਿਅਕਤੀਆਂ ਨੇ ਲੁੱਟ ਲਿਆ ਹੈ ਤੇ ਮੇਰਾ ਸਾਰਾ ਸੋਨਾ ਖੋਹ ਕੇ ਲੈ ਗਏ ਹਨ | ਬਾਅਦ ਵਿਚ ਆਪਣਾ ਫ਼ੋਨ ਬੰਦ ਕਰ ਲਿਆ ਤੇ ਹਾਲੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਾ, ਜਿਸ ਨੇ ਸਾਡੇ ਨਾਲ 12 ਲੱਖ ਰੁਪਏ ਦੀ ਠੱਗੀ ਮਾਰ ਕੇ ਆਪ ਫ਼ਰਾਰ ਹੋ ਗਿਆ ਹੈ | ਇਸ ਦੇ ਸੰਬੰਧ ਵਿਚ ਥਾਣਾ ਭੁਲੱਥ ਪੁਲਿਸ ਨੂੰ ਲਿਖਤੀ ਇਤਲਾਹ ਦੇ ਦਿੱਤੀ ਗਈ ਹੈ | ਇਸ ਮੌਕੇ ਸਰਪੰਚ ਹਰਭਜਨ ਸਿੰਘ ਕਰਨੈਲ ਗੰਜ, ਗੁਰਮੁਖ ਸਿੰਘ ਮੈਂਬਰ ਪੰਚਾਇਤ ਤੇ ਸੰਤੋਖ ਸਿੰਘ ਹਾਜ਼ਰ ਸਨ |