ਫਗਵਾੜਾ, 19 ਅਕਤੂਬਰ (ਹਰਜੋਤ ਸਿੰਘ ਚਾਨਾ)-ਕੈਂਟਰ ਵਲੋਂ ਟੱਕਰ ਮਾਰਨ ਕਾਰਨ ਈ-ਰਿਕਸ਼ਾ 'ਚ ਸਵਾਰ ਵਿਅਕਤੀ ਦੀ ਹੋਈ ਮੌਤ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਧਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਿਹਾਣਾ ਜੱਟਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣਾ ਕੰਮ ਫ਼ੈਕਟਰੀ ਤੋਂ ਖ਼ਤਮ ਕਰਕੇ ਵਾਪਸ ਆ ਰਿਹਾ ਸੀ ਤੇ ਉਸ ਦਾ ਭਤੀਜਾ ਅਮਨਦੀਪ ਸ਼ਰਮਾ ਵੀ ਆਪਣਾ ਕੰਮ ਖ਼ਤਮ ਕਰਕੇ ਈ-ਰਿਕਸ਼ਾ ਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਜਦੋਂ ਉਹ ਰਿਹਾਣਾ ਜੱਟਾਂ ਲਾਗੇ ਪੁੱਜਾ ਤਾਂ ਸਾਹਮਣੇ ਤੋਂ ਬੰਦ ਬਾਡੀ ਕੈਂਟਰ ਆਇਆ ਤੇ ਲਾਪਰਵਾਹੀ ਨਾਲ ਗ਼ਲਤ ਸਾਈਡ ਤੋਂ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਭਤੀਜੇ ਅਮਨਦੀਪ ਸ਼ਰਮਾ ਦੇ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਮੋਟਰਸਾਈਕਲ ਤੇ ਟਰੱਕ ਦੀ ਹੋਈ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੇ ਸਬੰਧ 'ਚ ਸਦਰ ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕਮਲਜੀਤ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਅਮਰੀਕ ਨਗਰੀ ਨੇ ਦੱਸਿਆ ਕਿ 17 ਅਕਤੂਬਰ ਨੂੰ ਉਹ ਆਪਣੇ ਪਿੰਡ ਦੇ ਲੜਕੇ ਗੁਰਜੀਤ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਲੰਧਰ ਤੋਂ ਘਰ ਨੂੰ ਆ ਰਹੇ ਸੀ ਜਦੋਂ ਉਹ ਨੰਗਲ ਮੱਝਾਂ ਗੇਟ ਸਾਹਮਣੇ ਪੁੱਜੇ ਤਾਂ ਇੱਕ ਟਰੱਕ ਟਿੱਪਰ ਦੇ ਡਰਾਈਵਰ ਨੇ ਨੰਗਲ ਮੱਝਾਂ ਵੱਲ ਸਲਿਪ ਰੋਡ ਨੂੰ ਯੂ ਟਰਨ ਮੁੜਨਾ ਸੀ ਤੇ ਟਰੱਕ ਡਰਾਈਵਰ ਨੇ ਬਰੇਕ ਮਾਰ ਦਿੱਤੀ, ਜਿਸ ਨਾਲ ਗੁਰਜੀਤ ਸਿੰਘ ਦਾ ਮੋਟਰਸਾਈਕਲ ਟਿੱਪਰ ਦੇ ਹੇਠਾਂ ਜਾ ਵੱਜਾ ਜਿਸ ਨਾਲ ਉਸ ਦੇ ਸਿਰ 'ਚ ਸੱਟ ਲੱਗੀ ਤੇ ਹੋਰ ਸਰੀਰ ਤੇ ਸੱਟਾਂ ਲੱਗੀਆਂ ਜਿਸ ਨਾਲ ਗੁਰਜੀਤ ਦੀ ਮੌਤ ਹੋ ਗਈ | ਜਿਸ ਸਬੰਧ 'ਚ ਪੁਲਿਸ ਨੇ ਦਰਬਾਰਾ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਚੌਂਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |