ਫਗਵਾੜਾ, 23 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਕੇਂਦਰ ਸਰਕਾਰ ਵਲੋਂ 1 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਚੰਡੀਗੜ੍ਹ ਨੂੰ ਪੂਰਨ ਤੌਰ 'ਤੇ ਯੂ.ਟੀ. ਦਾ ਦਰਜਾ ਦੇਣ ਸਬੰਧੀ 131ਵੇਂ ਸੋਧ ਬਿਲ ਦੀ ਚੱਲ ਰਹੀ ਚਰਚਾ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜੁਆਇੰਟ ਸਕੱਤਰ ਅਵਤਾਰ ਸਿੰਘ ਭੁੰਗਰਨੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕਰਨ ਤੋਂ ਪਹਿਲਾਂ ਕੇਂਦਰ ਨੂੰ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਪੰਜਾਬੀ ਕੋਈ ਸਮਝੌਤਾ ਨਹੀਂ ਕਰਨਗੇ | ਜੇਕਰ ਅਜਿਹਾ ਕੋਈ ਬਿਲ ਸੰਸਦ ਵਿਚ ਪੇਸ਼ ਹੁੰਦਾ ਹੈ ਤਾਂ ਇਸ ਨੰੂ ਪੰਜਾਬ 'ਤੇ ਸਿੱਧਾ ਹਮਲਾ ਅਤੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਬਹਾਦਰ ਪੰਜਾਬੀਆਂ ਨਾਲ ਵਿਸ਼ਵਾਸਘਾਤ ਸਮਝਿਆ ਜਾਵੇਗਾ | ਭੁੰਗਰਨੀ ਨੇ ਕਿਹਾ ਕਿ ਕੇਂਦਰ ਦਾ ਅਜਿਹਾ ਕਦਮ ਸੰਵਿਧਾਨ ਵਿਚ ਦਰਜ ਸੰਘੀ ਢਾਂਚੇ 'ਤੇ ਸਿੱਧਾ ਹਮਲਾ ਹੈ | ਜਿਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਪੱਧਰ 'ਤੇ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਇਸ ਨੰੂ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ |