ਭੁਲੱਥ, 23 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ੴ ਕੀਰਤਨ ਸੁਸਾਇਟੀ ਭੁਲੱਥ ਵਲੋਂ ਸਾਲਾਨਾ 25ਵਾਂ ਮਹਾਨ ਕੀਰਤਨ ਦਰਬਾਰ 29 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਇਸ ਦਿਨ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨਗਰ ਕੀਰਤਨ ਦੇ ਰੂਪ ਵਿਚ ਖੁੱਲੇ੍ਹ ਪੰਡਾਲ ਵਿਚ ਲਿਆਂਦੀ ਜਾਵੇਗੀ ਤੇ ਰਹਿਰਾਸ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦਾ ਢਾਡੀ ਜਥਾ, ਭਾਈ ਚਮਕੌਰ ਸਿੰਘ ਕਥਾ ਵਾਚਕ, ਮੀਰੀ ਪੀਰੀ ਕੀਰਤਨੀ ਜਥਾ, ਭਾਈ ਮਹਿਤਾਬ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ ਭਾਈ ਗੁਰਪ੍ਰੀਤ ਸਿੰਘ (ਸ਼ਿਮਲੇ ਵਾਲੇ) ਕਥਾ, ਕੀਰਤਨ ਅਤੇ ਵਾਰਾਂ ਰਾਹੀ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਨਗੇ | ਜਦਕਿ ਕੀਰਤਨ ਦਰਬਾਰ ਦੀ ਸੰਪੂਰਨਤਾ ਤੇ ਅਰਦਾਸ ਗਿਆਨੀ ਬਲਜੀਤ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਲੋਂ ਕੀਤੀ ਜਾਵੇਗੀ | ਸਟੇਜ ਸਕੱਤਰ ਦੀ ਸੇਵਾ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਭਗਵਾਨ ਸਿੰਘ ਜੌਹਲ ਨਿਭਾਉਣਗੇ | ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਮਾਸਟਰ ਹਰਜਿੰਦਰ ਸਿੰਘ ਮੁਲਤਾਨੀ, ਨਿਸ਼ਾਨ ਸਿੰਘ ਮੁਲਤਾਨੀ, ਸੁਖਜਿੰਦਰ ਸਿੰਘ ਮੁਲਤਾਨੀ, ਬਲਵਿੰਦਰ ਸਿੰਘ ਬਾਜਵਾ, ਤਜਿੰਦਰ ਸਿੰਘ ਕਾਲਾ, ਜਗਦੀਪ ਸਿੰਘ ਹੁੰਦਲ, ਪ੍ਰੀਤਨਾਮ ਸਿੰਘ ਸਹਿਗਲ, ਮਾ. ਹਰਜਿੰਦਰ ਸਿੰਘ, ਸੁਮੀਤ ਸਿੰਘ, ਪਲਵਿੰਦਰ ਸਿੰਘ ਭਿੰਡਰ, ਇਕਬਾਲ ਸਿੰਘ, ਨਰਿੰਦਰ ਸਿੰਘ ਸੋਨੀ, ਸਰਬਜੀਤ ਸਿੰਘ ਢਿੱਲੋਂ, ਜੈਦੀਪ ਸਿੰਘ ਹਾਜ਼ਰ ਸਨ |