ਕਾਲਾ ਸੰਘਿਆਂ, 23 ਨਵੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ 'ਚ ਕਪੂਰਥਲਾ ਰੋਡ ਤੋਂ ਖੇਤਾਂ ਵਿਚ ਪਾਣੀ ਲਗਾਉਂਦੇ ਨੌਜਵਾਨ ਦਾ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਸਪੁੱਤਰ ਗੁਰਦਿਆਲ ਸਿੰਘ ਆਪਣਾ ਮੋਟਰਸਾਈਕਲ ਸੜਕ ਨੇੜੇ ਲਗਾ ਕੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ, ਕਿਆਸ ਅਨੁਸਾਰ ਚੋਰ ਡੁਪਲੀਕੇਟ ਚਾਬੀ ਲਗਾ ਕੇ ਉਸ ਦਾ ਮੋਟਰਸਾਈਕਲ ਲੈ ਉਡੇ | ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਸੁਣ ਕੇ ਚੋਰਾਂ ਦਾ ਪਿੱਛਾ ਕੀਤਾ, ਪਰ ਚੋਰ ਸਖਾਣੀ ਪੁਲ ਨਹਿਰ ਤੋਂ ਨਾਰਾਂਵਾਲੀ ਆਦਿ ਪਿੰਡਾਂ ਰਾਹੀਂ ਭੱਜਣ ਵਿਚ ਸਫਲ ਹੋ ਗਏ | ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ 09 ਏ.ਜੇ 1516 ਦੇ ਚੋਰੀ ਹੋਣ ਦੀ ਸ਼ਿਕਾਇਤ ਸਥਾਨਕ ਪੁਲਿਸ ਚੌਂਕੀ ਵਿਖੇ ਦਰਜ਼ ਕਰਵਾ ਦਿੱਤੀ ਹੈ | ਪਰ ਦਿਨ ਦਿਹਾੜੇ ਵਾਪਰੀ ਚੋਰੀ ਦੀ ਘਟਨਾ ਨਾਲ਼ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ |