ਕਪੂਰਥਲਾ, 23 ਨਵੰਬਰ (ਅਮਨਜੋਤ ਸਿੰਘ ਵਾਲੀਆ)-ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਤੰਬਾਕੂ ਮੁਕਤ ਯੁਵਾ ਅਭਿਆਨ ਤਹਿਤ ਸਿਹਤ ਵਿਭਾਗ ਵੱਲੋਂ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ | ਉਕਤ ਰੈਲੀ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਜਿਸ ਨੂੰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੀਵ ਪ੍ਰਾਸ਼ਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਾਜੀਵ ਪ੍ਰਾਸ਼ਰ ਨੇ ਕਿਹਾ ਕਿ ਜ਼ਿੰਦਗੀ ਨੂੰ ਹਾਂ ਕਹਿਣ ਲਈ ਤੰਬਾਕੂ ਨੂੰ ਨਾਂਹ ਕਰਨਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਤੰਬਾਕੂਨੋਸ਼ੀ ਫੇਫੜੇ, ਗੁਰਦੇ, ਪੇਟ ਅਤੇ ਮੂੰਹ ਦੇ ਕੈਂਸਰ ਦਾ ਕਾਰਨ ਬਣਦੀ ਹੈ | ਡੈਂਟਲ ਮੈਡੀਕਲ ਅਫ਼ਸਰ ਡਾ. ਗੁਰਦੇਵ ਭੱਟੀ ਨੇ ਵਿਦਿਆਰਥੀਆਂ ਨੂੰ ਐਕਟੀਵ ਤੇ ਪੇਸੀਵ ਸਮੋਕਿੰਗ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਇਹ ਵੀ ਦੱਸਿਆ ਕਿ ਤੰਬਾਕੂ ਖਾਣ ਵਾਲੇ ਲੋਕਾਂ ਦੇ ਮੂੰਹ ਵਿਚ ਸਫ਼ੈਦ ਦਾਗ, ਮੂੰਹ ਦੇ ਛਾਲੇ ਤੇ ਗਠ ਜਿਹੀ ਬਣ ਜਾਂਦੀ ਹੈ ਇਹੀ ਨਹੀਂ ਵਿਅਕਤੀ ਨੂੰ ਮੂੰਹ ਖੋਲਣ ਦੀ ਵੀ ਦਿੱਕਤ ਰਹਿੰਦੀ ਹੈ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਵਿਦਿਆਰਥੀਆਂ ਨੂੰ ਇਸ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਆ | ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਵਜੀਤ ਸਿੰਘ , ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਐਸ.ਆਈ ਗੁਰਬੀਰ ਸਿੰਘ ਤੇ ਹੋਰ ਹਾਜ਼ਰ ਸਨ |