ਕਪੂਰਥਲਾ, 7 ਦਸੰਬਰ (ਅਮਰਜੀਤ ਕੋਮਲ)-ਅੱਖਰ ਮੰਚ ਕਪੂਰਥਲਾ ਵਲੋਂ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਕਾਲਜ ਦੇ ਸਹਿਯੋਗ ਨਾਲ ਪੰਜਾਬੀ ਦੇ ਉੱਘੇ ਲੇਖਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਅਨੁਵਾਦਿਤ ਪੁਸਤਕ 'ਦਾ ਇਮੋਸ਼ਨਜ਼' ਲੋਕ ਅਰਪਣ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ | ਮੰਚ ਦੇ ਸਰਪ੍ਰਸਤ ਤੇ ਉੱਘੇ ਲੇਖਕ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਸਮਾਗਮ ਦੀ ਸ਼ੁਰੂਆਤ 'ਤੇ ਕਿਤਾਬ ਦੇ ਮੁੱਖ ਵਿਸ਼ਿਆਂ, ਇਸ ਦੀ ਮਹੱਤਤਾ ਤੇ ਇਸ ਦੇ ਲਿਖੇ ਜਾਣ ਵਾਲੇ ਉਦੇਸ਼ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਡਾ. ਭੰਡਾਲ ਵਲੋਂ ਜ਼ਿੰਦਗੀ ਨੂੰ ਹਾਂ ਪੱਖੀ ਹੁੰਗਾਰਾ ਦੇਣ ਲਈ ਲਿਖੀ ਗਈ ਇਸ ਪੁਸਤਕ ਵਿਚ 32 ਲੇਖ ਸ਼ਾਮਲ ਹਨ ਤੇ ਇਸ ਪੁਸਤਕ ਦਾ ਅਨੁਵਾਦ ਸ੍ਰੀਮਤੀ ਰਣਜੀਤ ਕੌਰ ਵਲੋਂ ਕੀਤਾ ਗਿਆ ਹੈ ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਇਹ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ | ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਨੈਸ਼ਨਲ ਐਵਾਰਡੀ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਲਈ ਗਿਆਨ ਵਰਧਕ ਅਤੇ ਪ੍ਰੇਰਨਾਦਾਇਕ ਹੋਵੇਗੀ, ਕਿਉਂਕਿ ਇਹ ਇਨਸਾਨ ਨੂੰ ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ ਤੇ ਅੱਜ ਢੇਂਹਦੀਆਂ ਕਲਾਂ ਵੱਲ ਜਾ ਰਹੇ ਇਨਸਾਨ ਨੂੰ ਸਦਾ ਚੜ੍ਹਦੀ ਵਿਚ ਅੱਗੇ ਵਧਣ ਅਤੇ ਹਾਂ ਪੱਖੀ ਸੋਚ ਅਪਣਾਉਣ ਵਿਚ ਪ੍ਰੇਰਿਤ ਕਰਦੀ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਡਾ. ਭੰਡਾਲ ਦੀ ਇਹ ਪੁਸਤਕ ਨੌਜਵਾਨ ਪੀੜੀ ਨੂੰ ਜੀਵਨ ਪ੍ਰਤੀ ਸਕਾਰਾਤਮਿਕ ਰੁੱਖ ਅਪਣਾਉਣ ਲਈ ਲਾਹੇਵੰਦੀ ਹੋਵੇਗੀ, ਕਿਉਂਕਿ ਇਹ ਪੁਸਤਕ ਮਨੁੱਖੀ ਮਨ, ਆਤਮ ਵਿਸ਼ਵਾਸ ਅਤੇ ਜੀਵਨ ਵਿਚ ਹੌਸਲਾ ਬਰਕਰਾਰ ਰੱਖਣ 'ਤੇ ਕੇਂਦਰਿਤ ਹੈ | ਉਨ੍ਹਾਂ ਡਾ. ਭੰਡਾਲ ਨੂੰ ਇਸ ਪੁਸਤਕ ਦੀ ਮੁਬਾਰਕਬਾਦ ਦਿੱਤੀ | ਸਮਾਗਮ ਵਿਚ ਪ੍ਰੋ. ਹਰਜੀਤ ਸਿੰਘ ਅਸ਼ਕ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਤੇ ਡਾ. ਸਰਦੂਲ ਸਿੰਘ ਔਜਲਾ ਨੇ ਜਿੱਥੇ ਇਸ ਪੁਸਤਕ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ, ਉੱਥੇ ਆਪਣੀਆਂ ਨਵੀਆਂ ਰਚਨਾਵਾਂ ਵੀ ਸੁਣਾਈਆਂ | ਗੁਰਭਜਨ ਸਿੰਘ ਲਾਸਾਨੀ ਨੇ ਮਹਿਮਾਨਾਂ ਤੇ ਕਾਲਜ ਦੇ ਸਟਾਫ਼ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਬਾਖ਼ੂਬੀ ਨਾਲ ਨਿਭਾਏ | ਇਸ ਮੌਕੇ ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਵਿਨੋਦ ਠਾਕਰ, ਬਾਬਾ ਨਿਰਮਲ ਸਿੰਘ ਸਪੇਨ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |