ਭੁਲੱਥ, 17 ਦਸੰਬਰ (ਮਨਜੀਤ ਸਿੰਘ ਰਤਨ)-ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਕਰਦਿਆਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਹੋਇਆਂ ਕੀਤੀ ਗਈ | ਇਸ ਮੌਕੇ ਬੱਚਿਆਂ ਵਲੋਂ ਬਣਾਏ ਗਏ ਸਾਇੰਸ ਦੇ ਮਾਡਲ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਬੱਚਿਆਂ ਦੀ ਮਿਹਨਤ ਨੂੰ ਦਰਸਾਉਂਦੀ ਕਲਾਕਿ੍ਤੀਆਂ ਦਰਸਾਈਆਂ ਗਈਆਂ | ਬੱਚਿਆਂ ਵਲੋਂ ਪੂਰੇ ਸਾਲ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਦਿਖਾਇਆ ਗਿਆ | ਸਮਾਗਮ ਦੇ ਸ਼ੁਰੂ ਹੋਣ ਤੋਂ ਬਾਅਦ ਬੱਚਿਆਂ ਵਲੋਂ ਕਈ ਪ੍ਰਕਾਰ ਦੀਆਂ ਸਮਾਜ ਨੂੰ ਸੁਨੇਹਾ ਦਿੰਦੀਆਂ ਕੋਰੀਓਗ੍ਰਾਫੀ ਦਿਖਾਈਆਂ ਗਈਆਂ ਜਿਸ ਵਿਚ ਸਾਡੇ ਸਮਾਜ ਨੂੰ ਇੱਕ ਸੇਧ ਦਿੱਤੀ ਗਈ ਜਿਸ ਦੇ ਨਾਲ ਅਸੀਂ ਆਪਣੇ ਆਪ ਨੂੰ , ਫਿਰ ਆਪਣੇ ਆਲੇ ਦੁਆਲੇ ਨੂੰ ਤੇ ਆਪਣੇ ਦੇਸ਼ ਨੂੰ ਬਦਲ ਸਕਦੇ ਹਾਂ | ਇਹ ਸਭ ਬੱਚਿਆਂ ਦੁਆਰਾ ਦਿਖਾਇਆ ਗਿਆ ਤੇ ਇੱਕ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਹੀ ਸਿੱਖਿਆ ਦਿੱਤੀ ਗਈ | ਇਸ ਉਪਰੰਤ ਸਕੂਲ ਮੈਨੇਜਮੈਂਟ , ਸਟਾਫ਼ ਮੈਂਬਰ ਅਤੇ ਆਏ ਹੋਏ ਮੁੱਖ ਮਹਿਮਾਨਾਂ ਵਲੋਂ ਮਾਪੇ ਅਤੇ ਬੱਚਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਰਹਿਣ ਦੇ ਲਈ ਉਤਸ਼ਾਹਿਤ ਕੀਤਾ ਗਿਆ | ਬੱਚਿਆਂ ਵਲੋਂ ਭੰਗੜਾ ਅਤੇ ਗਿੱਧਾ ਪਾ ਕੇ ਸਭ ਦਾ ਆਕਰਸ਼ਣ ਖਿੱਚਿਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਸਕੂਲ ਵਿਚ ਹਰ ਸਾਲ ਇੰਟਰ ਸਕੂਲ ਸਪੋਰਟਸ ਕੰਪੀਟੀਸ਼ਨ, ਸਟੱਡੀ ਲੈਵਲ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਵਿਚ ਕੀਤੀਆਂ ਗਈਆਂ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਵੀ ਦਿਖਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਸਾਲਾਨਾ ਇਨਾਮ ਵੰਡ ਸਮਾਰੋਹ ਉਨ੍ਹਾਂ ਬੱਚਿਆਂ ਲਈ ਖ਼ਾਸ ਰਿਹਾ ਜਿਨ੍ਹਾਂ ਨੇ ਪਿਛਲੇ ਸੈਸ਼ਨ ਦੇ ਵਿਚ ਦਸਵੀਂ ਜਮਾਤ ਦੇ ਵਿਚੋਂ ਅੱਵਲ ਦਰਜੇ ਦੇ ਨੰਬਰ ਲੈ ਕੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਉਨ੍ਹਾਂ ਬੱਚਿਆਂ ਨੇ ਆਪਣੇ ਤਜਰਬੇ ਆਪਣੇ ਮਾਪਿਆਂ ਅਤੇ ਹੋਰਨਾਂ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਆਉਣ ਵਾਲੀ ਅਤੇ ਚੱਲ ਰਹੀ ਦਸਵੀਂ ਕਲਾਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਅਤੇ ਸਮਾਂ ਦੇਣ ਦੇ ਲਈ ਪ੍ਰੇਰਿਤ ਕੀਤਾ | ਅੰਤ ਵਿਚ ਸਮਾਗਮ ਵਿਚ ਭਾਗ ਲੈਣ ਵਾਲੇ ਅਤੇ ਸਕੂਲ ਵਿਚੋਂ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਅਤੇ ਸਮਾਗਮ ਵਿਚ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਅਤੇ ਮਹਿਮਾਨਾਂ ਦਾ ਸਕੂਲ ਵਿਚ ਆਉਣ ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ |