ਸੁਲਤਾਨਪੁਰ ਲੋਧੀ , 20 ਦਸੰਬਰ (ਥਿੰਦ)-ਬਾਬਾ ਬੀਰ ਸਿੰਘ ਇੰਟਰਪ੍ਰਾਈਜਜ਼ ਆਰ.ਸੀ.ਐਫ. ਦੇ ਮੈਨੇਜਿੰਗ ਡਾਇਰੈਕਟਰ ਜਥੇ ਗੁਰਦਿਆਲ ਸਿੰਘ ਠੱਟਾ (ਪ੍ਰਧਾਨ) ਨੇ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਕਰਵਾਏ ਜਾ ਰਹੇ ਸਮਾਗਮ 'ਵੀਰ ਬਾਲ ਦਿਵਸ' ਦਾ ਨਾਂਅ ਬਦਲ ਕੇ 'ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ ਅਨੁਸਾਰ ਇਸ ਸੰਬੰਧੀ ਨਾਂਅ ਬਦਲਾਅ ਦੀ ਮੰਗ ਪੂਰੇ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਸ਼ਰਧਾਵਾਨ ਸਿੱਖ ਸੰਗਤਾਂ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਕੋਈ ਆਮ ਬਾਲ ਨਹੀਂ ਹਨ | ਜਿਹੜੇ ਕੌਤਕ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਲਾਸਾਨੀਆਂ ਸ਼ਹੀਦੀਆਂ ਦੇ ਕੇ ਮੁਗਲ ਜਾਲਮਾਂ ਨੂੰ ਵੰਗਾਰ ਕੇ ਵਰਤਾਏ ਹਨ , ਉਸ ਵਰਗੀ ਮਿਸਾਲ ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ | ਜਥੇ ਠੱਟਾ ਨੇ ਸਮੂਹ ਵਰਗਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ 'ਚ 21 ਤੋਂ 30 ਦਸੰਬਰ ਤੱਕ ਕੋਈ ਖ਼ੁਸ਼ੀ ਦੇ ਸਮਾਗਮ ਤੇ ਪਾਰਟੀਆਂ ਨਾ ਕਰਨ ਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੁੰਦੇ ਹੋਏ ਗੁਰਬਾਣੀ ਪੜ੍ਹਨ |