17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੁਲਤਾਨਪੁਰ ਲੋਧੀ–ਕਪੂਰਥਲਾ ਮਾਰਗ ਦੇ ਅਧੂਰੇ ਕੰਮ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ

Ad Position 21
No active advertisement
ਅਜੀਤ ਡੈਸਕ 22-12-2025
ਡਡਵਿੰਡੀ, 21 ਦਸੰਬਰ (ਦਿਲਬਾਗ ਸਿੰਘ ਝੰਡ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਜ਼ਿਲ੍ਹਾ ਕਪੂਰਥਲਾ ਨਾਲ ਜੋੜਦਾ ਮੁੱਖ ਮਾਰਗ ਅੱਜਕੱਲ੍ਹ ਵਿਕਾਸ ਦੀ ਥਾਂ ਲਾਪਰਵਾਹੀ ਦੀ ਤਸਵੀਰ ਬਣ ਕੇ ਸਾਹਮਣੇ ਆ ਰਿਹਾ ਹੈ | ਇਸ ਅਹਿਮ ਸੜਕ ਦਾ ਨਿਰਮਾਣ ਅੱਧ ਵਿਚਾਲੇ ਹੀ ਰੁਕ ਜਾਣ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਹਰ ਰੋਜ਼ ਵੱਡੇ ਸੜਕ ਹਾਦਸੇ ਵਾਪਰਨ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ, ਕਿਉਂਕਿ ਇਸ ਮਾਰਗ ਦੇ ਅਧੂਰੇ ਪਏ ਕਾਰਜ ਨਾਲ ਜਿੱਥੇ ਲੋਕ ਆਵਾਜਾਈ ਪੱਖੋਂ ਡਾਹਢੇ ਪ੍ਰੇਸ਼ਾਨ ਹਨ, ਉੱਥੇ ਇਨ੍ਹਾਂ ਧੁੰਦਾਂ ਦੇ ਮੌਸਮ ਵਿਚ ਇਸ ਰੋਡ 'ਤੇ ਸੜਕ ਹਾਦਸੇ ਵਾਪਰਨ ਦਾ ਖ਼ਦਸ਼ਾ ਹੋਰ ਵੱਧ ਗਿਆ ਹੈ | ਦੂਜੇ ਪਾਸੇ ਸੜਕ ਬਣਾਈ ਤਾਂ ਗਈ ਹੈ, ਪਰ ਇਸ ਉੱਤੇ ਨਾ ਤਾਂ ਕੋਈ ਚਿੱਟੀ ਪੱਟੀ ਦੇ ਮਾਰਕ ਲਗਾਏ ਗਏ ਹਨ ਅਤੇ ਨਾ ਹੀ ਚੱਜ ਨਾਲ ਰਿਫ਼ਲੈਕਟਰ ਲਗਾਏ ਗਏ ਹਨ | ਤਾਜ਼ਾ ਬਣਾਈ ਗਈ ਸੜਕ ਥਾਂ-ਥਾਂ ਤੋਂ ਹੇਠਾਂ ਧੱਸ ਚੁੱਕੀ ਅਤੇ ਕਈਆਂ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ | ਸੜਕ ਉੱਤੇ ਕਈ ਥਾਈਾ ਪੈਚ ਵਰਕ ਕੀਤਾ ਜਾ ਚੁੱਕਾ ਹੈ | ਸੜਕ ਉੱਤੇ ਚਿੱਟੀ ਪੱਟੀ, ਰਿਫ਼ਲੈਕਟਰ ਤੇ ਚੇਤਾਵਨੀ ਬੋਰਡ ਨਾ ਹੋਣ ਕਰਕੇ ਧੁੰਦ ਦੇ ਦਿਨਾਂ ਵਿਚ ਵਾਹਨ ਚਾਲਕਾਂ ਨੂੰ ਸੜਕ ਦੀ ਦਿਸ਼ਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਗਿਆ ਹੈ | ਸਵੇਰੇ ਤੇ ਰਾਤ ਦੇ ਸਮੇਂ ਧੁੰਦ ਜ਼ਿਆਦਾ ਹੋਣ ਕਰਕੇ ਵਾਹਨ ਅਕਸਰ ਇਕ ਦੂਜੇ ਦੇ ਬਹੁਤ ਨੇੜੇ ਆ ਕੇ ਲੰਘਦੇ ਹਨ, ਜਿਸ ਨਾਲ ਟੱਕਰ ਹੋਣ ਦਾ ਡਰ ਹਰ ਪਲ ਬਣਿਆ ਰਹਿੰਦਾ ਹੈ | ਸਥਾਨਕ ਲੋਕਾਂ ਮੁਤਾਬਿਕ ਸੜਕ ਦੀ ਲੈਵਲਿੰਗ ਠੀਕ ਨਾ ਹੋਣ ਕਾਰਨ ਵਾਹਨ ਸਮੁੰਦਰੀ ਲਹਿਰਾਂ ਵਾਂਗ ਉੱਪਰ-ਹੇਠਾਂ ਦੌੜਦੇ ਦਿਸਦੇ ਹਨ | ਦੋ ਪਹੀਆ ਵਾਹਨ ਚਾਲਕ, ਸਕੂਲੀ ਬੱਚੇ ਤੇ ਬਜ਼ੁਰਗ ਇਸ ਰਾਹ 'ਤੇ ਸਭ ਤੋਂ ਵੱਧ ਖ਼ਤਰੇ 'ਚ ਹਨ | ਕਈ ਵਾਰ ਤਾਂ ਵਾਹਨ ਚਾਲਕ ਅਚਾਨਕ ਬਰੇਕ ਲਗਾਉਣ 'ਤੇ ਕੰਟਰੋਲ ਗੁਆ ਬੈਠਦੇ ਹਨ, ਜੋ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ | ਰੋਜ਼ਾਨਾ ਇਸ ਮਾਰਗ ਰਾਹੀਂ ਹਜ਼ਾਰਾਂ ਵਾਹਨ ਗੁਜ਼ਰਦੇ ਹਨ, ਜਿਸ ਵਿਚ ਵਪਾਰਕ ਗੱਡੀਆਂ, ਬੱਸਾਂ ਅਤੇ ਐਮਰਜੈਂਸੀ ਸੇਵਾਵਾਂ ਵੀ ਸ਼ਾਮਲ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਮਹੱਤਵਪੂਰਨ ਰਸਤੇ ਦੀ ਹਾਲਤ 'ਤੇ ਸਬੰਧਿਤ ਵਿਭਾਗਾਂ ਵੱਲੋਂ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਡਡਵਿੰਡੀ ਹਲਕੇ ਦੇ ਜਥੇਦਾਰ ਸੁਖਚੈਨ ਸਿੰਘ ਮਨਿਆਲਾ, ਟਕਸਾਲੀ ਅਕਾਲੀ ਆਗੂ ਅਤੇ ਡਡਵਿੰਡੀ ਦੇ ਸਾਬਕਾ ਸਰਪੰਚ ਜਸਬੀਰ ਸਿੰਘ, ਟਕਸਾਲੀ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ, ਪਿੰਡ ਡਡਵਿੰਡੀ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ, ਮਾਰਕੀਟ ਸੁਸਾਇਟੀ ਦੇ ਸਾਬਕਾ ਚੇਅਰਮੈਨ ਡਾ. ਬਲਜੀਤ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਚੀਮਾ ਆਸਟੇ੍ਰਲੀਆ, ਉੱਗੇ ਸਮਾਜ ਸੇਵਕ ਤੇ ਯੂਥ ਆਗੂ ਅਮਨਦੀਪ ਸਿੰਘ ਭਿੰਡਰ, ਆੜ੍ਹਤੀ ਵਿਜੇਪਾਲ ਸਿੰਘ ਧੰਜੂ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ ਅਤੇ ਕਿਸਾਨ ਆਗੂ ਹਾਕਮ ਸਿੰਘ ਸ਼ਾਹਜਹਾਨਪੁਰ ਅਤੇ ਵੱਖ-ਵੱਖ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਸੜਕ 'ਤੇ ਜਿਸ ਹਿਸਾਬ ਨਾਲ ਆਵਾਜਾਈ ਹੈ, ਜੇਕਰ ਸਰਕਾਰ ਨੇ ਜਲਦੀ ਹੀ ਇਸ ਨੂੰ ਮੁਕੰਮਲ ਨਾ ਕਰਵਾਇਆ ਤਾਂ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਕਿਸੇ ਅਣਹੋਣੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੀ.ਜੀ. ਦੇ ਬਾਹਰੋਂ ਮੋਟਰਸਾਈਕਲ ਚੋਰੀ, ਕੇਸ ਦਰਜ ਅਗਲੀ ਖ਼ਬਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸੰਬੰਧ 'ਚ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ
Ad Position 24