ਸੁਭਾਨਪੁਰ, 27 ਦਸੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰਕੇ ਚੋਰੀ ਕਰਨ ਮੌਕੇ ਸਾਥ ਦੇਣ ਵਾਲੇ ਵਿਅਕਤੀ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੂਸਰੇ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਏ. ਐਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਲੱਖਣ ਕੇ ਪੱਡਾ ਦੀ ਤਰਫ਼ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਜੱਗਾ ਦੇ ਨਜ਼ਦੀਕ ਪਹੁੰਚੀ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਦਵਿੰਦਰ ਸਿੰਘ ਉਰਫ਼ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਖ਼ਾਨਪੁਰ ਥਾਣਾ ਸੁਭਾਨਪੁਰ ਜੋ ਚੋਰੀ ਕੀਤੇ ਹੋਏ ਮੋਟਰਸਾਈਕਲ ਨੂੰ ਵੇਚਣ ਲਈ ਨਡਾਲਾ ਦੀ ਤਰਫ਼ ਜਾ ਰਿਹਾ ਹੈ | ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਮੋਟਰਸਾਈਕਲ ਸਮੇਤ ਕਾਬੂ ਆ ਸਕਦਾ ਹੈ | ਪੁਲਿਸ ਪਾਰਟੀ ਨੇ ਪਿੰਡ ਜੱਗਾ ਦੇ ਨਜ਼ਦੀਕ ਨਾਕਾਬੰਦੀ ਕਰਕੇ ਦਵਿੰਦਰ ਸਿੰਘ ਰਾਜਾ ਨੂੰ ਕਾਬੂ ਕਰਕੇ ਮੋਟਰਸਾਈਕਲ ਦੇ ਕਾਗਜਾਤ ਦਿਖਾਉਣ ਬਾਰੇ ਕਿਹਾ ਤਾਂ ਉਹ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰ ਸਕਿਆ | ਸਖ਼ਤੀ ਨਾਲ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਨਡਾਲਾ ਦੇ ਬੱਸ ਸਟੈਂਡ ਤੋਂ ਥੋੜਾ ਅੱਗੇ ਦੁਕਾਨਾਂ ਦੇ ਬਾਹਰੋਂ ਇਹ ਮੋਟਰਸਾਈਕਲ ਚੋਰੀ ਕੀਤਾ ਸੀ ਤੇ ਮੋਟਰਸਾਈਕਲ ਚੋਰੀ ਕਰਕੇ ਆਪਣੇ ਸਾਥੀ ਨੂੰ ਕਿਹਾ ਸੀ ਕਿ ਮੋਟਰਸਾਈਕਲ ਵੇਚ ਕੇ ਤੈਨੂੰ ਚਾਰ ਹਜ਼ਾਰ ਰੁਪਏ ਮੈ ਦੇ ਦੇਵਾਂਗਾ ਤੇ ਅੱਜ ਮੈਂ ਇਹ ਮੋਟਰਸਾਈਕਲ ਵੇਚ ਕੇ ਉਸ ਨੂੰ 4 ਹਜ਼ਾਰ ਰੁਪਏ ਦੇਣੇ ਸਨ ਤੇ ਬਾਕੀ ਪੈਸੇ ਆਪ ਰੱਖਣੇ ਸਨ | ਏ.ਐਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਇਸ ਦੇ ਨਾਲ ਮੋਟਰਸਾਈਕਲ ਚੋਰੀ ਕਰਨ ਵਾਲੇ ਦੂਸਰੇ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇੰਨਾ ਦੋਨਾਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |