ਫਗਵਾੜਾ, 27 ਦਸੰਬਰ (ਹਰਜੋਤ ਸਿੰਘ ਚਾਨਾ)- ਸਿਵਲ ਹਸਪਤਾਲ 'ਚ ਇਲਾਜ ਦੌਰਾਨ ਜ਼ਖਮੀ ਵਿਅਕਤੀਆਂ 'ਤੇ ਦੂਸਰੀ ਧਿਰ ਵਲੋਂ ਸਾਥੀ ਬੁਲਾ ਕੇ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਤੇ ਅਣਪਛਾਤਿਆਂ ਖ਼ਿਲਾਫ਼ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਕਰਤਾ ਮਨਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਦੁਸਾਂਝਾ ਰੋਡ ਖੋੋਥੜਾ ਨੇ ਦੱਸਿਆ ਕਿ 23 ਦਸੰਬਰ ਨੂੰ ਮਨਿੰਦਰ ਸਿੰਘ ਆਪਣੇ ਭਰਾ ਵਰਿੰਦਰ ਸਿੰਘ ਤੇ ਮਾਤਾ ਨਰਿੰਦਰ ਕੌਰ ਨਾਲ ਗੱਡੀ 'ਚ ਸਵਾਰ ਹੋ ਕੇ ਜਾ ਰਹੇ ਸਨ | ਜਦੋਂ ਇਹ ਜੇਸੀਟੀ ਮਿੱਲ ਦੇ ਲਾਗੇ ਪੁੱਜੇ ਤਾਂ ਇੱਕ ਸਵਿਫ਼ਟ ਕਾਰ 'ਚ ਸਵਾਰ ਹਰਪ੍ਰੀਤ ਸਿੰਘ ਤੇ ਯਾਦਵਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਗੱਡੀ ਬਰਾਬਰ ਕਰਕੇ ਉਨ੍ਹਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੇ ਉਨ੍ਹਾਂ ਵਲੋਂ ਵੀ ਗੱਡੀ ਰੋਕ ਲਈ | ਹਰਪ੍ਰੀਤ ਤੇ ਯਾਦਵਿੰਦਰ ਸਿੰਘ ਵਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹ ਤੇ ਉਸਦਾ ਭਰਾ ਵਰਿੰਦਰ ਸਿੰਘ, ਮਾਤਾ ਨਰਿੰਦਰ ਕੌਰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਹੋ ਗਏ ਜਿੱਥੇ ਹਰਪ੍ਰੀਤ ਤੇ ਯਾਦਵਿੰਦਰ ਸਿੰਘ ਨੇ ਸਿਵਲ ਹਸਪਤਾਲ 'ਚ ਜਾ ਕੇ ਆਪਣੇ ਸਾਥੀ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ | ਜਿਸ ਸਬੰਧ 'ਚ ਪੁਲਿਸ ਨੇ ਹਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਯਾਦਵਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀਆਨ ਪਿੰਡ ਮਹਿਲਾ ਕਲਾਂ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |