ਚੰਡੀਗੜ੍ਹ, 1 ਫਰਵਰੀ (ਪੋ੍ਰ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ 'ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਹੱਕਾਂ ਲਈ ਸਹੀ ਢੰਗ ਨਾਲ ਵਕਾਲਤ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹਿਣ ਕਰਕੇ ਕੇਂਦਰੀ ਬਜਟ ਵਿਚ ਪੰਜਾਬ ਨੂੰ ਕੁਝ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਾ ਕੋਈ ਵਿਸ਼ੇਸ਼ ਪੈਕੇਜ ਮਿਲਿਆ, ਨਾ ਕੋਈ ਵੱਡਾ ਨਵਾਂ ਪ੍ਰੋਜੈਕਟ ਅਤੇ ਨਾ ਹੀ ਸਾਡੇ ਕਿਸਾਨਾਂ, ਵਪਾਰੀਆਂ, ਉਦਯੋਗਾਂ, ਨੌਜਵਾਨਾਂ ਜਾਂ ਸਰਹੱਦੀ ਇਲਾਕਿਆਂ ਲਈ ਕੋਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ, ਜਿਸ ਕਾਰਨ ਹਰ ਵਰਗ ਦੇ ਲੋਕਾਂ ਦੇ ਸਿਰਫ਼ ਨਿਰਾਸ਼ਾ ਹੀ ਹੱਥ ਪੱਲੇ ਪਈ ਹੈ |