ਚੰਡੀਗੜ੍ਹ, 2 ਫਰਵਰੀ (ਅਜੀਤ ਬਿਊਰੋ)-ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੇ ਇੱਕ ਵਫ਼ਦ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਵਿਚ ਸੂਬੇ ਦੇ ਬੇਮਿਸਾਲ ਯੋਗਦਾਨ, ਬਹਾਦਰੀ ਅਤੇ ਭਾਈਚਾਰਕ ਸਾਂਝ, ਸ਼ਾਨਾਮੱਤੀ ਵਿਰਾਸਤ ਅਤੇ ਭਾਰਤ ਦੀ ਖੜਗ਼ਭੁਜਾ ਅਤੇ ਅੰਨਦਾਤੇ ਵਜੋਂ ਪੰਜਾਬ ਦੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ | ਅੱਜ ਇੱਥੇ ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਜਾਂਬਾਜ਼ ਫੌਜੀ ਅਫ਼ਸਰ ਅਤੇ ਬਹਾਦਰ ਜਵਾਨ ਦਿੱਤੇ ਹਨ ਜਿਨ੍ਹਾਂ ਨੇ ਹਮੇਸ਼ਾ ਮੂਹਰੇ ਹੋ ਕੇ ਦੇਸ਼ ਲਈ ਸ਼ਹਾਦਤਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਵਲੋਂ 2 ਤੋਂ 6 ਫਰਵਰੀ ਤੱਕ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ | ਸੂਬੇ ਵਿਚ ਪਹੁੰਚਣ 'ਤੇ ਵਫ਼ਦ ਦਾ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਸਮਾਜਿਕ-ਰਾਜਨੀਤਕ ਅਧਿਐਨ ਦੌਰਾ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਹੋਰ ਖੇਤਰਾਂ ਨੂੰ ਸਮਝਣ ਅਤੇ ਸਿੱਖਣ ਲਈ ਦਾ ਨਿਵੇਕਲਾ ਯਤਨ ਹੈ | ਪੰਜਾਬ ਦੀ ਪਵਿੱਤਰ ਤੇ ਜ਼ਰਖੇਜ਼ ਧਰਤੀ 'ਤੇ ਵਫ਼ਦ ਦਾ ਨਿੱਘਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਤੁਹਾਡੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਬਾਵਜੂਦ, ਪੰਜਾਬ ਕਦੇ ਵੀ ਫ਼ਿਰਕਿਆਂ ਵਿਚ ਵੰਡਿਆ ਨਹੀਂ ਗਿਆ | ਉਨ੍ਹਾਂ ਕਿਹਾ ਭਾਰਤ ਦੇ ਸਮਾਜਿਕ-ਰਾਜਨੀਤਕ ਅਤੇ ਆਰਥਿਕ ਪੱਖਾਂ ਦਾ ਅਧਿਐਨ ਕਰਨ ਲਈ ਪੰਜਾਬ ਵਿਚ ਇੱਕ ਹਫ਼ਤੇ ਦਾ ਦੌਰਾ ਸ਼ੁਰੂ ਕੀਤਾ ਗਿਆ ਹੈ | ਵਫ਼ਦ ਵਿਚ ਕੁੱਲ 16 ਅਧਿਕਾਰੀ ਹਨ, ਜਿਨ੍ਹਾਂ ਵਿਚੋਂ ਵਿਦੇਸ਼ੀ ਅਧਿਕਾਰੀਆਂ ਦੀ ਨੁਮਾਇੰਦਗੀ 31 ਫੀਸਦ ਹੈ | ਮੁੱਖ ਮੰਤਰੀ ਨੇ ਕਿਹਾ ਕਿ ਵਫ਼ਦ ਵਿਚ ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਨਿਪਾਲ ਤੋਂ ਇੱਕ-ਇੱਕ ਅਧਿਕਾਰੀ ਅਤੇ 11 ਭਾਰਤੀ ਅਧਿਕਾਰੀ ਹਨ, ਜਿਨ੍ਹਾਂ ਵਿਚ ਫੌਜ ਦੇ ਪੰਜ, ਜਲ ਸੈਨਾ ਦੇ ਦੋ, ਹਵਾਈ ਸੈਨਾ ਦੇ ਦੋ, ਏ. ਐਫ. ਐਚ. ਕਿਊ. ਸੀ. ਐਸ. ਦਾ ਇੱਕ ਅਤੇ ਡੀ.ਓ.ਐਲ.ਆਰ. ਦਾ ਇੱਕ ਅਧਿਕਾਰੀ ਸ਼ਾਮਿਲ ਹੈ | ਇਸ ਮੌਕੇ ਭਗਵੰਤ ਸਿੰਘ ਮਾਨ ਨੇ ਦੌਰੇ 'ਤੇ ਆਏ ਵਫ਼ਦ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ |
ਦੇਸ਼ ਦੀ ਏਕਤਾ ਅਤੇ ਪ੍ਰਭੂਸੱਤਾ ਲਈ ਕੁਰਬਾਨੀਆਂ ਦੇਣ ਵਿਚ ਹਮੇਸ਼ਾ ਮੋਹਰੀ ਰਿਹਾ ਪੰਜਾਬ-ਭਗਵੰਤ ਮਾਨ <br/>
ਅਜੀਤ ਡੈਸਕ
03-02-2026