ਨਵੀਂ ਦਿੱਲੀ, 2 ਫਰਵਰੀ (ਪੀ.ਟੀ.ਆਈ.)-ਭਾਰਤ ਅਤੇ ਅਮਰੀਕਾ ਇਕ ਵਪਾਰ ਸਮਝੌਤੇ 'ਤੇ ਸਹਿਮਤ ਹੋਏ ਹਨ ਜਿਸ ਤਹਿਤ ਵਾਸ਼ਿੰਗਟਨ ਭਾਰਤੀ ਵਸਤੂਆਂ 'ਤੇ ਪਰਸਪਰ ਟੈਰਿਫ ਨੂੰ ਮੌਜੂਦਾ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰੇਗਾ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਤੋਂ ਬਾਅਦ ਇਹ ਐਲਾਨ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਭਾਰਤ 'ਚ ਬਣੇ ਉਤਪਾਦਾਂ 'ਤੇ ਟੈਰਿਫ ਹੁਣ ਘਟ ਕੇ 18 ਫ਼ੀਸਦੀ ਹੋ ਗਿਆ ਹੈ | ਮੋਦੀ ਨੇ ਕਿਹਾ ਕਿ ਆਪਣੇ ਪਿਆਰੇ ਮਿੱਤਰ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਕੇ ਚੰਗਾ ਲੱਗਾ | ਉਨ੍ਹਾਂ ਵਪਾਰ ਸੌਦੇ ਦਾ ਜ਼ਿਕਰ ਕੀਤੇ ਬਿਨਾਂ 'ਐਕਸ' 'ਤੇ ਲਿਖਿਆ ਕਿ ਇਸ ਸ਼ਾਨਦਾਰ ਐਲਾਨ ਲਈ ਰਾਸ਼ਟਰਪਤੀ ਟਰੰਪ ਦਾ ਭਾਰਤ ਦੀ 1.4 ਅਰਬ ਜਨਤਾ ਵਲੋਂ ਧੰਨਵਾਦ | ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਿਰੁੱਧ ਟੈਰਿਫ ਤੇ ਗੈਰ-ਟੈਰਿਫ ਰੁਕਾਵਟਾਂ ਨੂੰ ਜ਼ੀਰੋ ਤੱਕ ਘਟਾਉਣ ਲਈ ਅੱਗੇ ਵਧੇਗਾ | ਅਮਰੀਕੀ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ ਮਿੱਤਰਤਾ ਅਤੇ ਸਨਮਾਨ ਦੇ ਕਾਰਨ ਅਤੇ ਉਨ੍ਹਾਂ ਦੀ ਬੇਨਤੀ 'ਤੇ ਤੁਰੰਤ ਪ੍ਰਭਾਵ ਨਾਲ ਅਸੀਂ ਅਮਰੀਕਾ ਅਤੇ ਭਾਰਤ ਦਰਮਿਆਨ ਇਕ ਵਪਾਰ ਸਮਝੌਤੇ 'ਤੇ ਸਹਿਮਤੀ ਜਤਾਈ ਹੈ, ਜਿਸ ਤਹਿਤ ਅਮਰੀਕਾ ਆਪਸੀ ਟੈਰਿਫ ਨੂੰ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰ ਦੇਵੇਗਾ | ਭਾਰਤ ਵੀ ਇਸੇ ਤਰ੍ਹਾਂ ਅਮਰੀਕਾ ਵਿਰੁੱਧ ਆਪਣੇ ਟੈਰਿਫ਼ ਅਤੇ ਗੈਰ-ਟੈਰਿਫ਼ ਰੁਕਾਵਟਾਂ ਨੂੰ ਸਿਫਰ ਕਰਨ ਦੀ ਦਿਸ਼ਾ 'ਚ ਅੱਗੇ ਵਧੇਗਾ | ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 500 ਅਰਬ ਡਾਲਰ ਤੋਂ ਜ਼ਿਆਦਾ ਦੇ ਅਮਰੀਕੀ ਊਰਜਾ, ਤਕਨੀਕੀ, ਖੇਤੀ, ਕੋਲਾ ਅਤੇ ਹੋਰ ਕਈ ਉਤਪਾਦਾਂ ਦੇ ਇਲਾਵਾ ਅਮਰੀਕੀ ਉਤਪਾਦ ਖਰੀਦਣ ਲਈ ਪ੍ਰਤੀਬੱਧਤਾ ਪ੍ਰਟਾਈ | ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਸਾਡੇ ਅਦਭੁਤ ਸੰਬੰਧ ਅੱਗੇ ਚੱਲ ਕੇ ਹੋਰ ਵੀ ਮਜ਼ਬੂਤ ਹੋਣਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਦੋ ਅਜਿਹੇ ਵਿਅਕਤੀ ਹਾਂ ਜੋ ਕੰਮ ਕਰ ਕੇ ਦਿਖਾਉਂਦੇ ਹਾਂ, ਜੋ ਕਿ ਜ਼ਿਆਦਾਤਰ ਲੋਕਾਂ ਦੇ ਬਾਰੇ 'ਚ ਨਹੀਂ ਕਿਹਾ ਜਾ ਸਕਦਾ | ਆਪਣੀਆਂ ਟਿੱਪਣੀਆਂ 'ਚ ਮੋਦੀ ਨੇ ਕਿਹਾ ਕਿ ਜਦੋਂ ਦੋ ਵੱਡੀਆਂ ਅਰਥਵਿਵਸਥਾਵਾਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਇਕੱਠੇ ਕੰਮ ਕਰਦੇ ਹਨ ਤਾਂ ਇਹ ਸਾਡੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਤੇ ਆਪਸੀ ਲਾਭਦਾਇਕ ਸਹਿਯੋਗ ਲਈ ਬੇਅੰਤ ਮÏਕੇ ਖੋਲ੍ਹਦਾ ਹੈ | ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ | ਮੋਦੀ ਨੇ ਕਿਹਾ ਕਿ ਭਾਰਤ ਸ਼ਾਂਤੀ ਲਈ ਉਨ੍ਹਾਂ ਦੇ ਯਤਨਾਂ ਦਾ ਪੂਰਾ ਸਮਰਥਨ ਕਰਦਾ ਹੈ | ਉਨ੍ਹਾਂ ਕਿਹਾ ਕਿ ਉਹ ਦੋਵੇਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਬੇਮਿਸਾਲ ਉਚਾਈਆਂ 'ਤੇ ਲਿਜਾਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ | ਟਰੰਪ ਨੇ ਕਿਹਾ ਕਿ ਮੋਦੀ ਅਤੇ ਉਨ੍ਹਾਂ ਨੇ ਰੂਸ ਤੇ ਯੂਕਰੇਨ ਦਰਮਿਆਨ ਯੁੱਧ ਸਮਾਪਤ ਕਰਨ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ | ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਮੋਦੀ ਰੂਸ ਤੋਂ ਤੇਲ ਦੀ ਖ਼ਰੀਦ ਬੰਦ ਕਰਨ 'ਤੇ ਵੀ ਸਹਿਮਤ ਹੋਏ ਅਤੇ ਅਮਰੀਕਾ ਤੇ ਸੰਭਾਵਿਤ ਤੌਰ 'ਤੇ ਵੈਨੇਜ਼ੂਏਲਾ ਤੋਂ ਜ਼ਿਆਦਾ ਤੇਲ ਖ਼ਰੀਦਣ 'ਤੇ ਸਹਿਮਤ ਹੋਏ ਹਨ | ਇਸ ਨਾਲ ਯੂਕਰੇਨ 'ਚ ਚੱਲ ਰਹੇ ਯੁੱਧ ਨੂੰ ਸਮਾਪਤ ਕਰਨ 'ਚ ਮਦਦ ਮਿਲੇਗੀ, ਜਿਸ ਵਿਚ ਹਰ ਹਫ਼ਤੇ ਹਜ਼ਾਰਾਂ ਲੋਕ ਮਾਰੇ ਜਾ ਰਹੇ ਹਨ | ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅੱਜ ਸਵੇਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ | ਉਨ੍ਹਾਂ ਕਿਹਾ ਕਿ ਉਹ ਮੇਰੇ ਸਭ ਤੋਂ ਕਰੀਬੀ ਦੋਸਤਾਂ 'ਚੋਂ ਇਕ ਹਨ ਅਤੇ ਆਪਣੇ ਦੇਸ਼ ਦੇ ਇਕ ਸ਼ਕਤੀਸ਼ਾਲੀ ਅਤੇ ਸਨਮਾਨਿਤ ਨੇਤਾ ਹਨ | ਅੱਜ ਜਦੋਂ ਮੋਦੀ ਅਤੇ ਟਰੰਪ ਦਰਮਿਆਨ ਗੱਲਬਾਤ ਹੋਈ ਹੈ ਉੱਧਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਾਸ਼ਿੰਗਟਨ ਡੀ.ਸੀ. ਦੇ ਦੌਰੇ 'ਤੇ ਜਾ ਰਹੇ ਹਨ |
ਟਰੰਪ ਵਲੋਂ ਅਮਰੀਕਾ-ਭਾਰਤ ਵਪਾਰ ਸਮਝੌਤੇ ਦਾ ਐਲਾਨ <br/>
ਅਜੀਤ ਡੈਸਕ
03-02-2026