ਨਵੀਂ ਦਿੱਲੀ, 2 ਫਰਵਰੀ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਨਿਰੀਖਣ ਕਵਾਇਦ ਨੂੰ ਲੈ ਕੇ ਭਖੀ ਸਿਆਸਤ ਦਰਮਿਆਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੇ ਦਫ਼ਤਰ 'ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਮੁਲਾਕਾਤ ਤੋਂ ਬਾਅਦ ਉਨ੍ਹਾਂ ਮੁੱਖ ਚੋਣ ਕਮਿਸ਼ਨਰ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ 'ਤੇ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਨ ਦਾ ਇਲਜ਼ਾਮ ਲਾਇਆ | ਮਮਤਾ ਬੈਨਰਜੀ ਨੇ ਮੁਲਾਕਾਤ ਤੋਂ ਬਾਅਦ ਗਿਆਨੇਸ਼ ਕੁਮਾਰ ਲਈ ਸਖ਼ਤ ਟਿੱਪਣੀਆਂ ਦੀ ਵਰਤੋਂ ਕਰਦਿਆਂ ਕਿਹਾ ਕਿ ਉਨ੍ਹਾਂ ਅੱਜ ਤੱਕ ਅਜਿਹਾ ਹੰਕਾਰੀ ਅਤੇ ਝੂਠਾ ਚੋਣ ਕਮਿਸ਼ਨਰ ਨਹੀਂ ਵੇਖਿਆ | ਮਮਤਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਚੋਣਾਂ ਤੋਂ 3 ਮਹੀਨੇ ਪਹਿਲਾਂ ਐਸ. ਆਈ. ਆਰ. ਕਿਉਂ ਕੀਤਾ ਗਿਆ? ਮਮਤਾ ਨੇ ਅਸਾਮ 'ਚ ਐਸ.ਆਈ.ਆਰ. ਨਾ ਕਰਵਾਉਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅਸਾਮ 'ਚ ਭਾਜਪਾ ਸਰਕਾਰ ਹੈ, ਇਸ ਲਈ ਉਥੇ ਐਸ.ਆਈ.ਆਰ. ਨਹੀਂ ਕੀਤਾ ਗਿਆ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ 150 ਲੋਕਾਂ (ਬੀ.ਐਲ.ਓ.) ਦੀ ਮੌਤ ਹੋਈ ਹੈ | ਉਸ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ | ਮਮਤਾ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਪੱਛਮੀ ਬੰਗਾਲ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ | ਚੋਣਾਂ ਲੋਕਤੰਤਰ ਦਾ ਤਿਉਹਾਰ ਹੁੰਦੀਆਂ ਹਨ ਪਰ ਤੁਸੀਂ 98 ਲੱਖ ਲੋਕਾਂ ਦੇ ਨਾਂਅ ਹਟਾ ਦਿੱਤੇ ਅਤੇ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਨਹੀਂ ਦਿੱਤਾ | ਮਮਤਾ ਬੈਨਰਜੀ ਦੇ ਨਾਲ ਮੁੱਖ ਚੋਣ ਕਮਿਸ਼ਨਰ ਨੂੰ ਮਿਲਣ ਗਏ ਵਫ਼ਦ 'ਚ ਅਭਿਸ਼ੇਕ ਬੈਨਰਜੀ ਸਮੇਤ ਹੋਰ ਟੀ.ਐਮ.ਸੀ. ਨੇਤਾਵਾਂ ਤੋਂ ਇਲਾਵਾ ਐਸ.ਆਈ.ਆਰ. ਅਮਲ ਤੋਂ ਪ੍ਰਭਾਵਿਤ 12 ਪਰਿਵਾਰਾਂ ਦੇ ਮੈਂਬਰ ਵੀ ਸ਼ਾਮਿਲ ਸਨ | ਉਨ੍ਹਾਂ 'ਚੋਂ 5 ਅਜਿਹੇ ਵੋਟਰ ਹਨ ਜਿਨ੍ਹਾਂ ਨੂੰ ਮਿ੍ਤਕ ਐਲਾਨ ਕੇ ਉਨ੍ਹਾਂ ਦਾ ਨਾਂਅ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਜਦਕਿ 5 ਅਜਿਹੇ ਪਰਿਵਾਰ ਦੇ ਮੈਂਬਰ ਹਨ ਜਿਨ੍ਹਾਂ ਦੀ ਐਸ.ਆਈ.ਆਰ. ਨੋਟਿਸ ਮਿਲਣ ਤੋਂ ਬਾਅਦ ਮੌਤ ਹੋ ਗਈ | ਇਸ ਤੋਂ ਇਲਾਵਾ 2 ਅਜਿਹੇ ਪਰਿਵਾਰ ਦੇ ਮੈਂਬਰ ਸਨ ਜਿਨ੍ਹਾਂ ਦੇ ਘਰ ਦੇ ਵਿਅਕਤੀ ਦੀ ਬੀ.ਐਲ.ਓ. ਵਜੋਂ ਕੰਮ ਕਰਦਿਆਂ ਕਥਿਤ ਤੌਰ 'ਤੇ ਕੰਮ ਦੇ ਦਬਾਅ ਕਾਰਨ ਜਾਨ ਚਲੀ ਗਈ | ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦਿੱਲੀ 'ਚ ਲੱਖਾਂ ਲੋਕਾਂ ਨੰੂ ਇਥੇ ਲਿਆ ਸਕਦੇ ਹਨ ਅਤੇ ਉਹ ਉਨ੍ਹਾਂ ਨੂੰ ਕਿਸੇ ਦੇ ਵੀ ਸਾਹਮਣੇ ਪੇਸ਼ ਕਰਵਾ ਸਕਦੇ ਹਨ | ਮਮਤਾ ਬੈਨਰਜੀ ਨੇ ਇਹ ਵੀ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਦਾ ਹਾਲ ਧਨਖੜ (ਸਾਬਕਾ ਉਪ ਮੁੱਖ ਮੰਤਰੀ ਜਗਦੀਪ ਧਨਖੜ) ਜਿਹਾ ਹੋਵੇਗਾ | ਉਹ (ਮੁੱਖ ਚੋਣ ਕਮਿਸ਼ਨਰ) ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ |