ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਪੁਲਿਸ ਤਾਇਨਾਤੀ 'ਤੇ ਚੁੱਕੇ ਤਿੱਖੇ ਸਵਾਲ
ਚੰਡੀਗੜ੍ਹ, 5 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)-ਜੇਲ੍ਹ 'ਚ ਬੰਦ ਕੈਦੀਆਂ ਕੋਲ ਮੋਬਾਈਲ ਫ਼ੋਨ ਹੋਣ ਅਤੇ ਉਸ ਨਾਲ ਜੁੜੇ ਅਪਰਾਧਿਕ ਨੈੱਟਵਰਕ ਦੇ ਗੰਭੀਰ ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਵਿਸਥਾਰਿਤ ਸੁਣਵਾਈ ਕੀਤੀ | ਇਹ ਸੁਣਵਾਈ ਜਸਟਿਸ ਏ.ਐਸ. ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਦੇ ਡਵੀਜ਼ਨ ਬੈਂਚ ਦੇ ਸਨਮੁਖ ਹੋਈ, ਜਿਸ 'ਚ ਸੂਬਾ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਬਾਰੇ ਕਈ ਅਹਿਮ ਸਵਾਲ ਖੜ੍ਹੇ ਕੀਤੇ ਗਏ | ਸੁਣਵਾਈ ਦੌਰਾਨ ਐਸ.ਆਈ.ਟੀ. ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਸਤੰਬਰ 2022 'ਚ ਖਰੜ ਦੇ ਸੀ.ਆਈ.ਏ. ਅੰਦਰ ਕੀਤੀ ਗਈ ਸੀ, ਹਾਲਾਂਕਿ ਇਹ ਇੰਟਰਵਿਊ ਮਾਰਚ, 2023 'ਚ ਜਨਤਕ ਹੋਈ ਸੀ | ਐਸ.ਆਈ.ਟੀ. ਨੇ ਇਹ ਵੀ ਸਪੱਸ਼ਟ ਕੀਤਾ ਕਿ ਦੂਜੀ ਇੰਟਰਵਿਊ ਰਾਜਸਥਾਨ ਦੀ ਇਕ ਜੇਲ੍ਹ 'ਚ ਹੋਈ ਸੀ | ਅਦਾਲਤ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਕਿ ਜੇਲ੍ਹ 'ਚ ਰਹਿੰਦਿਆਂ ਅਜਿਹੀਆਂ ਗਤੀਵਿਧੀਆਂ ਕਿਵੇਂ ਸੰਭਵ ਹੋਈਆਂ ਅਤੇ ਇਸ ਦੇ ਪਿੱਛੇ ਕਿਸ ਪੱਧਰ ਦੀਆਂ ਤੱਕ ਚੂਕ ਹੋਈ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਵੀਡੀਓ ਕਾਨਫਰੰਾਸਿੰਗ ਰਾਹੀਂ ਅਦਾਲਤ 'ਚ ਪੇਸ਼ ਹੋਏ | ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਹਾਲ ਹੀ 'ਚ ਮੁਹਾਲੀ ਦੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ 'ਚ ਸ਼ਾਮਿਲ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ 'ਚੋਂ ਦੋ ਨੂੰ ਗਿ੍ਫ਼ਤਾਰ ਵੀ ਕੀਤਾ ਜਾ ਚੁੱਕਾ ਹੈ | ਡੀ.ਜੀ.ਪੀ. ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਭਰ 'ਚ ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਸਖ਼ਤ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਹੁਣ ਤੱਕ 7,000 ਤੋਂ ਵੱਧ ਲਾਇਸੈਂਸਸ਼ੁਦਾ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ | ਇਸ ਤੋਂ ਇਲਾਵਾ 115 ਸ਼ੂਟਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਲਗਭਗ 1,100 ਫ਼ਿਰੌਤੀ ਨਾਲ ਜੁੜੇ ਮਾਮਲਿਆਂ 'ਚ ਐਫ਼.ਆਈ.ਆਰ ਦਰਜ ਕੀਤੀਆਂ ਗਈਆਂ ਹਨ | ਸੁਣਵਾਈ ਦੌਰਾਨ, ਡਵੀਜ਼ਨ ਬੈਂਚ ਨੇ ਮੁਹਾਲੀ ਦੇ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਦੀ ਨਿਯੁਕਤੀ ਨੂੰ ਲੈ ਕੇ ਵੀ ਸਖ਼ਤ ਸਵਾਲ ਕੀਤੇ | ਅਦਾਲਤ ਨੇ ਪੱੁਛਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਹੋਈ ਚੂਕ ਨਾਲ ਜੁੜੇ ਮਾਮਲੇ ਵਿਚ ਜਿਨ੍ਹਾਂ ਅਧਿਕਾਰੀਆਂ ਦੀ ਭੂਮਿਕਾ 'ਤੇ ਸਵਾਲ ਉੱਠੇ ਸਨ, ਉਸ 'ਚ ਸ਼ਾਮਿਲ ਅਧਿਕਾਰੀ ਨੂੰ ਸੰਵੇਦਨਸ਼ੀਲ ਅਹੁਦੇ 'ਤੇ ਕਿਵੇਂ ਨਿਯੁਕਤ ਕੀਤਾ ਗਿਆ | ਨਾਲ ਹੀ ਇਹ ਵੀ ਸਪੱਸ਼ਟੀਕਰਨ ਮੰਗਿਆ ਕਿ ਕੀ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੀ ਰਿਪੋਰਟ 'ਚ ਸੰਬੰਧਿਤ ਅਧਿਕਾਰੀ ਨੂੰ ਕਲੀਨ ਚਿੱਟ ਦਿੱਤੀ ਹੈ ਜਾਂ ਨਹੀਂ | ਮਾਮਲੇ ਨੂੰ ਗੰਭੀਰ ਮੰਨਦੇ ਹੋਏ, ਡਵੀਜ਼ਨ ਬੈਂਚ ਨੇ ਅਗਲੀ ਸੁਣਵਾਈ ਦੀ ਮਿਤੀ 10 ਫ਼ਰਵਰੀ, 2026 ਨਿਰਧਾਰਿਤ ਕੀਤੀ | ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਦੇ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤਾ ਕਿ ਸੂਬੇ 'ਚ ਗਸ਼ਤ ਪ੍ਰਣਾਲੀ, ਚੈਕ ਪੋਸਟਾਂ 'ਤੇ ਤਾਇਨਾਤ ਪੁਲਿਸ ਕਰਮਚਾਰੀਆਂ ਦੀ ਗਿਣਤੀ ਅਤੇ ਵੀ.ਆਈ.ਪੀ. ਸੁਰੱਖਿਆ 'ਚ ਲਗਾਏ ਗਏ ਪੁਲਿਸ ਬਲ ਦੀ ਅਸਲ ਸਥਿਤੀ ਨੂੰ ਲੈ ਕੇ ਇਕ ਵਿਸਥਾਰਿਤ ਹਲਫ਼ਨਾਮਾ ਦਾਇਰ ਕੀਤਾ ਜਾਵੇ | ਅਦਾਲਤ ਦੀ ਇਹ ਟਿੱਪਣੀ ਸਾਫ਼ ਸੰਕੇਤ ਦਿੰਦੀ ਹੈ ਕਿ ਜੇਲ੍ਹਾਂ 'ਚ ਮੋਬਾਈਲ ਫ਼ੋਨਾਂ ਦੀ ਦੁਰਵਰਤੋਂ ਅਤੇ ਸੰਗਠਿਤ ਅਪਰਾਧ 'ਤੇ ਲਗਾਮ ਲਗਾਉਣ ਲਈ ਹੁਣ ਸਿਰਫ਼ ਦਾਅਵੇ ਨਹੀਂ, ਬਲਕਿ ਠੋਸ ਅਤੇ ਜਵਾਬਦੇਹ ਕਾਰਵਾਈ ਦੀ ਉਮੀਦ ਕੀਤੀ ਜਾ ਰਹੀ ਹੈ |
ਹਾਈ ਕੋਰਟ ਨੇ ਜੇਲ੍ਹਾਂ 'ਚ ਮੋਬਾਈਲ ਨੈੱਟਵਰਕ 'ਤੇ ਡੀ.ਜੀ.ਪੀ. ਤੋਂ ਮੰਗਿਆ ਜਵਾਬ
ਅਜੀਤ ਡੈਸਕ
06-02-2026