ਫੰਡਿੰਗ ਉਦੋਂ ਆਵੇਗੀ ਜਦੋਂ ਜ਼ਮੀਨ 'ਤੇ ਵਿਖਾਈ ਦੇਣਗੇ ਨਤੀਜੇ
ਅੰਮਿ੍ਤਸਰ, 5 ਫਰਵਰੀ (ਸੁਰਿੰਦਰ ਕੋਛੜ)-ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈ ਪਾਲ ਸਿੰਘ ਬੰਗਾ ਨੇ ਪਾਕਿਸਤਾਨ ਦੇ ਚਾਰ ਦਿਨਾ ਦੌਰੇ ਦੌਰਾਨ ਇਸਲਾਮਾਬਾਦ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨਾਲ ਮੁਲਾਕਾਤ ਮੌਕੇ 10 ਸਾਲਾਂ 'ਚ ਪਾਕਿ ਨੂੰ 20 ਅਰਬ ਡਾਲਰ ਪ੍ਰਦਾਨ ਕਰਨ ਲਈ ਇਕ ਖਾਕੇ ਦੀ ਰੂਪਰੇਖਾ ਤਿਆਰ ਕੀਤੀ | ਉਨ੍ਹਾਂ ਨੇ ਨਾਲ ਹੀ ਸਪੱਸ਼ਟ ਤੌਰ 'ਤੇ ਇਹ ਵੀ ਕਿਹਾ ਕਿ ਵਿਸ਼ਵ ਬੈਂਕ ਪਾਕਿ ਦਾ ਸਮਰਥਨ ਕਰਨ ਲਈ ਤਿਆਰ ਹੈ, ਪਰ ਫੰਡਿੰਗ ਉਦੋਂ ਹੀ ਆਵੇਗੀ ਜਦੋਂ ਨਤੀਜੇ ਜ਼ਮੀਨ 'ਤੇ ਵਿਖਾਈ ਦੇਣਗੇ | ਉਨ੍ਹਾਂ ਨੇ ਸਾਫ਼ ਕਿਹਾ ਕਿ ਵਿਸ਼ਵ ਬੈਂਕ ਪਾਕਿਸਤਾਨ ਦਾ ਭਾਈਵਾਲ ਹੈ, ਸ਼ਾਹੂਕਾਰ ਨਹੀਂ | ਭਾਈਵਾਲੀ ਦਾ ਮਤਲਬ ਹੈ ਕਿ ਅਸੀਂ ਪੈਸਾ ਪ੍ਰਦਾਨ ਕਰਾਂਗੇ, ਪਰ ਉਸ ਪੈਸੇ ਦੇ ਨਤੀਜੇ ਵੀ ਵਿਖਾਈ ਦੇਣੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਪਾਕਿ ਸਿਰਫ਼ ਕਰਜ਼ਿਆਂ 'ਤੇ ਨਿਰਭਰ ਨਹੀਂ ਕਰ ਸਕਦਾ ਅਤੇ ਇਸ ਨੂੰ ਵਿਦੇਸ਼ੀ ਸਿੱਧੇ ਨਿਵੇਸ਼ ਲਈ ਆਪਣੇ ਵਾਤਾਵਰਨ 'ਚ ਸੁਧਾਰ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਪਾਕਿ ਨੂੰ ਆਰਥਿਕ ਸੁਧਾਰ ਲਾਗੂ ਕਰਨ ਲਈ ਵੀ ਕਿਹਾ | ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਰਜ਼ੇ ਦੇ ਤਕਨੀਕੀ ਪਹਿਲੂਆਂ ਅਤੇ ਭਵਿੱਖ ਦੇ ਪ੍ਰਾਜੈਕਟਾਂ 'ਤੇ ਚਰਚਾ ਕੀਤੀ | ਉਨ੍ਹਾਂ ਨੇ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੇਸ਼ 'ਚ ਭਿ੍ਸ਼ਟਾਚਾਰ ਅਤੇ ਟੈਕਸ ਚੋਰੀ ਨੂੰ ਰੋਕਣਾ ਚਾਹੀਦਾ ਹੈ, ਜੇਕਰ ਸੁਧਾਰ ਲਾਗੂ ਨਹੀਂ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਕੋਈ ਕਰਜ਼ਾ ਨਹੀਂ ਮਿਲੇਗਾ |
ਪਾਕਿ ਨੂੰ 10 ਸਾਲਾਂ 'ਚ ਮਿਲਣਗੇ 20 ਅਰਬ ਡਾਲਰ-ਅਜੈ ਪਾਲ ਸਿੰਘ ਬੰਗਾ <br/>
ਅਜੀਤ ਡੈਸਕ
06-02-2026