ਨਵੀਂ ਦਿੱਲੀ, 23 ਫਰਵਰੀ (ਮਿਸਰਦੀਪ ਭਾਟੀਆ)-ਸਾਬਕਾ ਸੰਸਦ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅੱਜ ਇਕ ਪੱਤਰ ਲਿਖ ਕੇ ਦਿੱਲੀ ਵਿਚ ਮੈਟਰੋ ਸਟੇਸ਼ਨਾਂ ਦੇ ਨਾਂਅ ਬਦਲਣ ਸਮੇਂ ਦਿੱਲੀ ਦੇ ਇਤਿਹਾਸਕ ਸਿੱਖ ਗੁਰਦੁਆਰਿਆਂ ਨੂੰ ਅਣਗੌਲਿਆ ਕਰਨ 'ਤੇ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਦਿੱਲੀ ਸਰਕਾਰ ਨੇ ਅਖ਼ਬਾਰਾਂ ਵਿਚ ਛਪੀ ਸੂਚੀ ਅਨੁਸਾਰ ਕਈ ਸਟੇਸ਼ਨਾਂ ਦੇ ਨਾਂਅ ਬਦਲ ਦਿੱਤੇ ਹਨ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੇ ਬਾਵਜੂਦ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਅਤੇ ਗੁਰਦੁਆਰਾ ਬੰਗਲਾ ਸਾਹਿਬ ਬਾਬਾ ਖੜਕ ਸਿੰਘ ਮਾਰਗ ਨੂੰ ਫਿਰ ਤੋਂ ਅਣਗੌਲਿਆ ਕਰ ਦਿੱਤਾ ਗਿਆ ਹੈ | ਇਨ੍ਹਾਂ ਗੁਰਦੁਆਰਿਆਂ ਦੀ ਇਤਿਹਾਸਕ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਪੱਤਰ ਵਿਚ ਮੁੱਖ ਮੰਤਰੀ ਨੂੰ ਸਿਫ਼ਾਰਸ਼ ਕੀਤੀ ਹੈ ਕਿ ਚਾਂਦਨੀ ਚੌਕ ਵਿਚ ਮੈਟਰੋ ਸਟੇਸ਼ਨ ਦਾ ਨਾਂਅ ਅਸਾਨੀ ਨਾਲ ਗੁਰਦੁਆਰਾ ਸੀਸ ਗੰਜ ਚਾਂਦਨੀ ਚੌਕ ਰੱਖਿਆ ਜਾ ਸਕਦਾ ਸੀ | ਬਾਬਾ ਖੜਕ ਸਿੰਘ ਮਾਰਗ 'ਤੇ ਮੈਟਰੋ ਸਟੇਸ਼ਨ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਲ ਸਥਿਤ ਹੈ | ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਸਰਕਾਰ ਅਜਿਹੀ ਜਾਇਜ਼ ਬੇਨਤੀ ਨੂੰ ਸਵੀਕਾਰ ਕਿਉਂ ਨਹੀਂ ਕਰ ਸਕਦੀ, ਜਿਸ ਨਾਲ ਸ਼ਹਿਰ ਵਿਚ ਸੈਰ-ਸਪਾਟਾ ਹੋਰ ਵਧੇਗਾ | ਦਿੱਲੀ ਦੇ ਮੈਟਰੋ ਸਟੇਸ਼ਨਾਂ ਦੇ ਨਾਂਅ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਨਾਂਅ 'ਤੇ ਨਾ ਰੱਖਣ ਕਾਰਨ ਸ਼ਰਧਾਲੂਆਂ ਦੀ ਨਿਰਾਸ਼ਾ ਦਾ ਜ਼ਿਕਰ ਕਰਦੇ ਹੋਏ ਅਤੇ ਦਿੱਲੀ ਸਰਕਾਰ ਨੂੰ ਇਸ ਬਾਰੇ ਤੁਰੰਤ ਹੁਕਮ ਜਾਰੀ ਕਰਨ ਦੀ ਬੇਨਤੀ ਕਰਦੇ ਹੋਏ ਤਰਲੋਚਨ ਸਿੰਘ ਨੇ ਆਪਣੇ ਪੱਤਰ ਦੇ ਅੰਤ ਵਿਚ ਲਿਖਿਆ ਹੈ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕ੍ਰਿਪਾ ਕਰਕੇ ਤੁਰੰਤ ਹੁਕਮ ਜਾਰੀ ਕਰੋ |