ਰਾਂਚੀ, 23 ਫਰਵਰੀ (ਏਜੰਸੀ)-ਰਾਂਚੀ ਤੋਂ ਦਿੱਲੀ ਜਾ ਰਹੀ ਇਕ ਏਅਰ ਐਂਬੂਲੈਂਸ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਨੇੜੇ ਹਾਦਸਾਗ੍ਰਸਤ ਹੋ ਗਈ, ਜਿਸ ਨਾਲ ਅਮਲੇ ਦੇ ਦੋ ਮੈਂਬਰਾਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ | ਰਾਂਚੀ ਹਵਾਈ ਅੱਡੇ ਦੇ ਡਾਇਰੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ 7.10 ਵਜੇ ਰਾਂਚੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁੱਝ ਸਮੇਂ ਬਾਅਦ ਵਾਪਰਿਆ | ਇਸ ਜਹਾਜ਼ 'ਚ ਇਕ ਮਰੀਜ਼, ਡਾਕਟਰ, ਪੈਰਾਮੈਡੀਕਲ ਸਟਾਫ਼, ਪਰਿਵਾਰਕ ਮੈਂਬਰ ਅਤੇ ਜਹਾਜ਼ ਦੇ ਕਰੂ ਮੈਂਬਰਾਂ ਸਮੇਤ ਕੁੱਲ 7 ਵਿਅਕਤੀ ਸਵਾਰ ਸਨ | ਉਡਾਣ ਭਰਨ ਦੇ 20 ਮਿੰਟ ਬਾਅਦ ਹੀ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ) ਨਾਲੋਂ ਸੰਪਰਕ ਟੁੱਟ ਗਿਆ ਤੇ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਨੇੜੇ ਹਾਦਸਾਗ੍ਰਸਤ ਹੋ ਗਿਆ | ਉਨ੍ਹਾਂ ਕਿਹਾ ਕਿ ਹਾਦਸੇ ਦਾ ਕਾਰਨ ਖਰਾਬ ਮÏਸਮ ਹੋ ਸਕਦਾ ਹੈ, ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ | ਚਤਰਾ ਦੇ ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਨੇ ਦੱਸਿਆ ਕਿ ਹਾਦਸੇ ਕਾਰਨ ਜਹਾਜ਼ 'ਚ ਸਵਾਰ ਸਾਰੇ 7 ਵਿਅਕਤੀਆਂ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਹਾਦਸੇ ਵਾਲੀ ਥਾਂ ਜੰਗਲ ਦੇ ਬਹੁਤ ਅੰਦਰ ਸੀ | ਉਨ੍ਹਾਂ ਕਿਹਾ ਕਿ ਜਹਾਜ਼ 7:30 ਵਜੇ ਲਾਪਤਾ ਹੋ ਗਿਆ ਤੇ ਸਿਮਰੀਆ 'ਚ ਬਰੀਆਤੂ ਪੰਚਾਇਤ ਵਿਖੇ ਹਾਦਸਾਗ੍ਰਸਤ ਹੋ ਗਿਆ | ਰਾਂਚੀ ਦੇ ਦੇਵਕਮਲ ਹਸਪਤਾਲ ਦੇ ਸੀ.ਈ.ਓ. ਅਨੰਤ ਸਿਨਹਾ ਨੇ ਦੱਸਿਆ ਕਿ ਏਅਰ ਐਂਬੂਲੈਂਸ ਦਾ ਪ੍ਰਬੰਧ ਉਨ੍ਹਾਂ ਦੇ ਇਕ ਮਰੀਜ਼ ਨੇ ਕੀਤਾ ਸੀ | ਲਾਤੇਹਾਰ ਜ਼ਿਲ੍ਹੇ ਦੇ ਚਾਂਦਵਾ ਦੇ ਮਰੀਜ਼, ਸੰਜੇ ਕੁਮਾਰ (41) ਨੂੰ 16 ਫਰਵਰੀ ਨੂੰ 65 ਪ੍ਰਤੀਸ਼ਤ ਸੜਨ ਕਾਰਨ ਹਸਪਤਾਲ ਲਿਆਂਦਾ ਗਿਆ ਸੀ | ਪਰਿਵਾਰ ਨੇ ਬਿਹਤਰ ਇਲਾਜ ਲਈ ਉਸ ਨੂੰ ਦਿੱਲੀ ਲਿਜਾਣ ਦਾ ਫ਼ੈਸਲਾ ਕੀਤਾ ਸੀ |