ਕਾਰਵਾਈ ਦੌਰਾਨ ਸੀ.ਆਈ.ਏ. ਸਟਾਫ਼ ਦਾ ਇੰਚਾਰਜ ਗੋਲੀ ਲੱਗਣ ਨਾਲ ਜ਼ਖ਼ਮੀ
ਚੱਕਰਾਜਾ/ਅਸ਼ੋਕ ਸ਼ਰਮਾ/ ਗੁਰਪ੍ਰਤਾਪ ਸਿੰਘ
ਗੁਰਦਾਸਪੁਰ, 25 ਫਰਵਰੀ -ਗੁਰਦਾਸਪੁਰ ਜ਼ਿਲ੍ਹੇ ਦੋ ਪੁਲਿਸ ਕਰਮਚਾਰੀਆਂ ਦੀ ਹੱਤਿਆ 'ਚ ਸ਼ਾਮਿਲ ਤਿੰਨ ਨੌਜਵਾਨਾਂ 'ਚੋਂ ਇਕ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ ਅਤੇ ਦੂਸਰੇ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦੋਂ ਕਿ ਇਕ ਅਜੇ ਫ਼ਰਾਰ ਹੈ | ਜ਼ਿਕਰਯੋਗ ਹੈ ਕਿ ਬੀਤੀ 21 ਫਰਵਰੀ ਦੀ ਰਾਤ ਨੰੂ ਸੈਕਿੰਡ ਡਿਫੈਂਸ ਲਾਈਨ ਦੀ ਆਦੀਆਂ ਚੈੱਕ ਪੋਸਟ 'ਤੇ ਮੌਜੂਦ ਦੋ ਪੁਲਿਸ ਕਰਮੀ ਏ.ਐਸ.ਆਈ. ਗੁਰਨਾਮ ਸਿੰਘ ਅਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਨੰੂ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਇਲਾਕੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਲੋਕਾਂ ਦੇ ਮਨਾਂ 'ਚ ਵਾਰਦਾਤ ਨੰੂ ਲੈ ਕੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਸਨ | ਸ਼ੁਰੂ ਵਿਚ ਇਸ ਗੱਲ ਨੇ ਵੀ ਜ਼ੋਰ ਫੜਿਆ ਸੀ ਕਿ ਦੋਵਾਂ ਪੁਲਿਸ ਕਰਮੀਆਂ ਵਲੋਂ ਇਕ ਦੂਸਰੇ ਨੰੂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ | ਪਰ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਅਤੇ ਪਿੰਡ ਆਦੀਆਂ ਦੇ ਸਰਪੰਚ ਦੇ ਬਿਆਨਾਂ ਨੇ ਇਸ ਗੱਲ ਨੰੂ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ, ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਹੋਰ ਵੀਡੀਓ ਅਤੇ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਦਿਖਾਈ ਦਿੱਤੀਆਂ, ਪਰ ਅੱਜ ਪੁਲਿਸ ਵਲੋਂ ਇਸ ਰਹੱਸਮਈ ਮਾਮਲੇ ਤੋਂ ਪਰਦਾ ਚੁੱਕਦੇ ਹੋਏ ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਦੀ ਅਗਵਾਈ ਹੇਠ ਇਕ ਪੈੱ੍ਰਸ ਵਾਰਤਾ ਕੀਤੀ ਗਈ, ਜਿਸ ਵਿਚ ਡੀ.ਆਈ.ਜੀ. ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਐਸ.ਐਸ.ਪੀ. ਦੀ ਨਿਗਰਾਨੀ ਹੇਠ ਬਣਾਈ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ, ਸਪੈਸ਼ਲ ਬਰਾਂਚ ਦੇ ਜਵਾਨ ਅਤੇ ਉਨ੍ਹਾਂ ਦੇ ਨਾਲ-ਨਾਲ ਪੁਲਿਸ ਦੀਆਂ ਟੀਮਾਂ ਲਗਾਤਾਰ ਇਸ ਮਾਮਲੇ ਨੰੂ ਸੁਲਝਾਉਣ 'ਚ ਲੱਗੀਆਂ ਹੋਈਆਂ ਸਨ, ਜਿਸ ਤੋਂ ਬਾਅਦ ਪੁਲਿਸ ਵਲੋਂ ਪਿੰਡ ਆਦੀਆਂ ਦੇ ਹੀ ਰਣਜੀਤ ਸਿੰਘ ਅਤੇ ਪਿੰਡ ਆਲੀਨੰਗਲ ਦੇ ਦਿਲਾਵਰ ਸਿੰਘ ਨੰੂ ਕਾਬੂ ਕੀਤਾ ਗਿਆ, ਜਦੋਂ ਕਿ ਇਸ ਵਾਰਦਾਤ ਨੰੂ ਅੰਜਾਮ ਦੇਣ ਵਿਚ ਰਣਜੀਤ ਸਿੰਘ ਦਾ ਸਾਥ ਦੇਣ ਵਾਲਾ ਇੰਦਰਜੀਤ ਸਿੰਘ ਜੋ ਕਿ ਪਿੰਡ ਆਦੀਆਂ ਦਾ ਵਾਸੀ ਹੈ, ਅਜੇ ਫ਼ਰਾਰ ਹੈ | ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਵਲੋਂ ਪੁੱਛਗਿੱਛ ਦੌਰਾਨ ਇਹ ਦੱਸਿਆ ਗਿਆ ਸੀ ਕਿ ਉਸ ਵਲੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ ਨੰੂ ਥਾਣਾ ਬਹਿਰਾਮਪੁਰ ਦੇ ਖੇਤਰ ਵਿਚ ਲੁਕਾ ਕੇ ਰੱਖਿਆ ਗਿਆ ਹੈ | ਜਦੋਂ ਥਾਣਾ ਦੋਰਾਂਗਲਾ ਦੀ ਪੁਲਿਸ ਅੱਜ ਸਵੇਰ ਤੜਕਸਾਰ 3 ਵਜੇ ਦੇ ਕਰੀਬ ਉਸ ਨੰੂ ਹਥਿਆਰ ਦੀ ਬਰਾਮਦਗੀ ਲਈ ਲੈ ਕੇ ਜਾ ਰਹੀ ਸੀ ਤਾਂ ਹੜ੍ਹਾਂ ਕਾਰਨ ਸੜਕ ਦੀਆਂ ਬਰਮਾਂ ਖੁਰੀਆਂ ਹੋਣ ਕਾਰਨ ਉਨ੍ਹਾਂ ਦੀ ਗੱਡੀ ਪਲਟ ਗਈ, ਜਿਸ ਕਾਰਨ ਰਣਜੀਤ ਸਿੰਘ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ, ਜਿਸ ਦੀ ਜਾਣਕਾਰੀ ਥਾਣਾ ਦੋਰਾਂਗਲਾ ਦੇ ਐਸ.ਐਚ.ਓ. ਬਨਾਰਸੀ ਦਾਸ ਵਲੋਂ ਕੰਟਰੋਲ ਰੂਮ ਨੰੂ ਦਿੱਤੀ ਗਈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐਸ.ਐਸ.ਪੀ. ਅਦਿੱਤਿਆ ਵਲੋਂ ਪੂਰੇ ਜ਼ਿਲ੍ਹੇ ਅੰਦਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਟੀਮਾਂ ਨੰੂ ਕਥਿਤ ਦੋਸ਼ੀ ਦੀ ਭਾਲ ਵਿਚ ਲਗਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਆਪਣੀ ਟੀਮ ਸਮੇਤ ਥਾਣਾ ਪੁਰਾਣਾ ਸ਼ਾਲਾ ਅਧੀਨ ਆਉਂਦੇ ਇਲਾਕੇ ਵਿਚ ਮੌਜੂਦ ਸਨ, ਜਿਨ੍ਹਾਂ ਵਲੋਂ ਸ਼ਹੀਦ ਬੀਬੀ ਸੁੰਦਰੀ ਦੇ ਗੁਰਦੁਆਰਾ ਸਾਹਿਬ ਨੰੂ ਜਾਂਦੇ ਰਸਤੇ 'ਤੇ ਮੋਟਰਸਾਈਕਲ ਸਵਾਰ ਆ ਰਹੇ ਨੌਜਵਾਨ ਨੰੂ ਰੁਕਣ ਦਾ ਇਸ਼ਾਰਾ ਕੀਤਾ ਗਿਆ | ਪਰ ਨੌਜਵਾਨ ਵਲੋਂ ਤੇਜ਼ੀ ਨਾਲ ਆਪਣਾ ਮੋਟਰਸਾਈਕਲ ਪਿਛੇ ਮੋੜਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਸ ਦਾ ਮੋਟਰਸਾਈਕਲ ਹੇਠਾਂ ਡਿੱਗ ਗਿਆ | ਜਿਸ ਤੋਂ ਬਾਅਦ ਉਸ ਵਲੋਂ ਪੁਲਿਸ ਉਪਰ ਗੋਲੀ ਚਲਾ ਦਿੱਤੀ ਗਈ | ਡੀ.ਆਈ.ਜੀ. ਗੋਇਲ ਨੇ ਦੱਸਿਆ ਕਿ ਇਕ ਗੋਲੀ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਗੁਰਮੀਤ ਸਿੰਘ ਦੀ ਬਾਂਹ 'ਚ ਲੱਗੀ | ਜਦੋਂ ਕਿ ਦੂਜੀ ਗੋਲੀ ਉਨ੍ਹਾਂ ਨਾਲ ਮੌਕੇ 'ਤੇ ਮੌਜੂਦ ਉਨ੍ਹਾਂ ਦੇ ਟੀਮ ਮੈਂਬਰ ਨੰੂ ਲੱਗੀ | ਪਰ ਉਸ ਵਲੋਂ ਬੁਲਟ ਪਰੂਫ਼ ਜੈਕਟ ਪਾਈ ਹੋਣ ਕਾਰਨ ਉਹ ਬਚ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਗੋਲੀ ਚਲਾਈ ਗਈ, ਜਿਸ ਵਿਚ ਰਣਜੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੰੂ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਾਕਿਸਤਾਨੀ ਆਈ.ਐਸ.ਆਈ. ਏਜੰਸੀ ਦੇ ਸੰਪਰਕ ਵਿਚ ਸਨ ਅਤੇ ਉਨ੍ਹਾਂ ਵਲੋਂ ਮਹਿਜ਼ ਕੁਝ ਪੈਸਿਆਂ ਲਈ ਹੀ ਇਸ ਵਾਰਦਾਤ ਨੰੂ ਅੰਜਾਮ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਦਿਲਾਵਰ ਸਿੰਘ ਨੰੂ 20 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਸ ਨੰੂ ਹੁਣ ਤੱਕ ਕੇਵਲ 3 ਹਜ਼ਾਰ ਰੁਪਏ ਹੀ ਦਿੱਤੇ ਗਏ ਸਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੀ ਉਮਰ 19 ਸਾਲ ਤੋਂ 21 ਸਾਲ ਦੇ ਵਿਚ ਹੈ ਅਤੇ ਇਨ੍ਹਾਂ ਵਲੋਂ ਪਾਕਿਸਤਾਨੀ ਏਜੰਸੀ ਦੇ ਬਹਿਕਾਵੇ ਵਿਚ ਆ ਕੇ ਇਸ ਵਾਰਦਾਤ ਨੰੂ ਅੰਜਾਮ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਫ਼ਰਾਰ ਨੌਜਵਾਨ ਇੰਦਰਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਤਿੰਨ ਮਾਮਲੇ ਦਰਜ ਹਨ |
ਪੁਲਿਸ ਕਰਮੀਆਂ ਦੀ ਹੱਤਿਆ ਕਰਨ ਵਾਲਿਆਂ 'ਚੋਂ ਇਕ ਮੁਕਾਬਲੇ ਦੌਰਾਨ ਹਲਾਕ-ਦੂਜਾ ਗਿ੍ਫ਼ਤਾਰ, ਤੀਜਾ ਫ਼ਰਾਰ
ਅਜੀਤ ਡੈਸਕ
26-02-2026