ਅੰਮਿ੍ਤਸਰ, 2 ਮਾਰਚ (ਸੁਰਿੰਦਰ ਕੋਛੜ)-ਪਿਛਲੇ ਚਾਰ ਦਿਨਾਂ ਤੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਹਵਾਈ ਹਮਲੇ ਤੇ ਗੋਲੀਬਾਰੀ ਜਾਰੀ ਹੈ | ਤਾਲਿਬਾਨ ਸਰਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰਾਵਲਪਿੰਡੀ ਸਥਿਤ ਪਾਕਿਸਤਾਨ ਦੇ ਸੰਵੇਦਨਸ਼ੀਲ ਨੂਰ ਖ਼ਾਨ ਏਅਰਬੇਸ 'ਤੇ ਹਮਲਾ ਕੀਤਾ ਹੈ | ਇਸ ਤੋਂ ਪਹਿਲਾਂ 'ਆਪ੍ਰੇਸ਼ਨ ਸੰਧੂਰ' ਦੌਰਾਨ ਭਾਰਤੀ ਫ਼ੌਜ ਨੇ ਵੀ ਨੂਰ ਖਾਨ ਏਅਰਬੇਸ ਸਮੇਤ ਪਾਕਿ ਦੇ ਕਈ ਹੋਰ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ | ਤਾਲਿਬਾਨ ਰੱਖਿਆ ਮੰਤਰਾਲੇ ਦੇ ਉਪ ਬੁਲਾਰੇ ਸਿਦੀਕੁੱਲਾ ਨਸਰਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਲੜਾਕੇ ਡੁਰੰਡ ਲਾਈਨ ਪਾਰ ਕਰਕੇ ਪਾਕਿਸਤਾਨੀ ਖੇਤਰ 'ਚ ਦਾਖ਼ਲ ਹੋਏ ਅਤੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਅਤੇ ਸੂਬਾ ਖ਼ੈਬਰ ਪਖਤੂਨਖਵਾ ਦੇ ਕੁਝ ਫ਼ੌਜੀ ਠਿਕਾਣਿਆਂ 'ਤੇ ਵੀ ਹਮਲਾ ਕੀਤਾ | ਨਸਰਤ ਨੇ ਕਿਹਾ ਕਿ ਇਹ ਕਾਰਵਾਈ ਕਾਬੁਲ, ਬਗਰਾਮ ਅਤੇ ਹੋਰ ਅਫ਼ਗਾਨ ਖੇਤਰਾਂ 'ਚ ਪਾਕਿ ਹਵਾਈ ਹਮਲਿਆਂ ਦੇ ਜਵਾਬ 'ਚ ਕੀਤੀ ਗਈ | ਤਾਲਿਬਾਨ ਅਨੁਸਾਰ ਨੂਰ ਖ਼ਾਨ ਏਅਰਬੇਸ, ਕੋਇਟਾ 'ਚ 12ਵੀਂ ਕੋਰ ਦੇ ਮੁੱਖ ਦਫ਼ਤਰ ਅਤੇ ਖ਼ੈਬਰ ਪਖਤੂਨਖਵਾ ਦੇ ਮੋਹਮੰਦ ਏਜੰਸੀ ਖੇਤਰ ਵਿਚ ਖਵਾਜ਼ਈ ਫ਼ੌਜੀ ਕੈਂਪ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਕਈ ਹੋਰ ਮਹੱਤਵਪੂਰਨ ਪਾਕਿ ਫ਼ੌਜੀ ਕਮਾਂਡ ਸੈਂਟਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ | ਦੂਜੇ ਪਾਸੇ ਪਾਕਿਸਤਾਨੀ ਸਰਕਾਰ ਦਾ ਦਾਅਵਾ ਹੈ ਕਿ ਹੁਣ ਤੱਕ ਆਪ੍ਰੇਸ਼ਨ ਗ਼ਜ਼ਬ ਲਿਲ-ਹੱਕ (ਆਪਣੇ ਹੱਕਾਂ ਲਈ ਖੜ੍ਹੇ ਹੋਣਾ) ਤਹਿਤ 415 ਤਾਲਿਬਾਨ ਲੜਾਕੇ ਮਾਰੇ ਗਏ ਹਨ ਅਤੇ 580 ਤੋਂ ਵੱਧ ਜ਼ਖਮੀ ਹੋਏ ਹਨ | ਪਾਕਿ ਦੇ ਸੂਚਨਾ ਮੰਤਰੀ ਅੱਤਾ ਉੱਲਾ ਤਰਾਰ ਦੇ ਅਨੁਸਾਰ ਹੁਣ ਤੱਕ ਅਫ਼ਗਾਨਿਸਤਾਨ ਦੀਆਂ 182 ਚੌਕੀਆਂ ਤਬਾਹ ਕੀਤੀਆਂ ਜਾ ਚੁੱਕੀਆਂ ਹਨ, 31 ਚੌਕੀਆਂ ਕਬਜ਼ੇ 'ਚ ਲਈਆਂ ਗਈਆਂ ਅਤੇ 185 ਟੈਂਕ ਤੇ ਫ਼ੌਜੀ ਵਾਹਨ ਤਬਾਹ ਕੀਤੇ ਗਏ | ਪਾਕਿਸਤਾਨ ਦੀ ਸੈਨੇਟ ਨੇ ਅਫ਼ਗਾਨਿਸਤਾਨ ਵਿਰੁੱਧ ਨਿੰਦਾ ਮਤਾ ਪਾਸ ਕੀਤਾ | ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਹੋਰ ਭੜਕਾਹਟ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ |
ਅਫ਼ਗਾਨਿਸਤਾਨ ਵਲੋਂ ਪਾਕਿ ਦੇ ਨੂਰ ਖ਼ਾਨ ਏਅਰਬੇਸ 'ਤੇ ਹਮਲਾ <br/>
ਅਜੀਤ ਡੈਸਕ
03-03-2026