ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਰ ਭਿਆਨਕ ਹੋਈ ਜੰਗ <br/>

Ad Position 21
No active advertisement
ਅਜੀਤ ਡੈਸਕ 03-03-2026

ਦੁਬਈ, 2 ਮਾਰਚ (ਏਜੰਸੀ)-ਸੋਮਵਾਰ ਨੂੰ ਇਜ਼ਰਾਈਲ, ਅਮਰੀਕਾ ਤੇ ਈਰਾਨ ਵਿਚਕਾਰ ਜੰਗ ਹੋਰ ਭਿਆਨਕ ਹੋ ਗਈ ਹੈ | ਹਮਲਿਆਂ ਕਾਰਨ ਈਰਾਨ 'ਚ 555 ਮੌਤਾਂ ਹੋਈਆਂ ਹਨ, ਜਦਕਿ 740 ਜ਼ਖ਼ਮੀ ਹੋ ਗਏ | ਇਸੇ ਦੌਰਾਨ ਈਰਾਨ ਨੇ ਚਾਰ ਮੱਧ ਪੂਰਬੀ ਦੇਸ਼ਾਂ 'ਚ ਛੇ ਅਮਰੀਕੀ ਠਿਕਾਣਿਆਂ 'ਤੇ ਹਮਲਾ ਕੀਤਾ | ਈਰਾਨ 'ਤੇ ਅਮਰੀਕੀ ਹਮਲਿਆਂ ਦੌਰਾਨ ਤਿੰਨ ਅਮਰੀਕੀ ਸੈਨਿਕ ਮਾਰੇ ਗਏ, ਜਦਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋਏ | ਕੁਵੈਤ 'ਚ ਗਲਤੀ ਨਾਲ ਕਈ ਅਮਰੀਕੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਏ | ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੂਜੇ ਪਾਸੇ ਈਰਾਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਕਿਹਾ ਹੈ ਕਿ ਈਰਾਨ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ | ਇਹ ਬਿਆਨ ਉਨ੍ਹਾਂ ਰਿਪੋਰਟਾਂ ਦੇ ਜਵਾਬ 'ਚ ਆਇਆ ਹੈ ਕਿ ਈਰਾਨ ਨੇ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ | ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਈਰਾਨ 'ਚ ਫ਼ੌਜੀ ਕਾਰਵਾਈਆਂ ਇਤਿਹਾਸ 'ਚ ਸਭ ਤੋਂ ਸਟੀਕ ਹਵਾਈ ਕਾਰਵਾਈਆਂ ਹਨ | ਪੈਂਟਾਗਨ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਤਹਿਰਾਨ ਦੇ ਵਿਸਤਾਰਵਾਦੀ ਤੇ ਇਸਲਾਮੀ ਸ਼ਾਸਨ ਨੂੰ ਨਕਾਰਦੇ ਹੋਏ ਹੇਗਸੇਥ ਨੇ ਇਰਾਕ, ਅਫਗਾਨਿਸਤਾਨ ਤੇ ਲਿਬਨਾਨ 'ਚ ਚਾਰ ਦਹਾਕਿਆਂ ਤੋਂ ਵੱਧ ਸਮੇਂ 'ਚ ਹੋਈਆਂ ਹਿੰਸਕ ਕਾਰਵਾਈਆਂ ਬਾਰੇ ਕਿਹਾ ਕਿ ਇਹ ਅਮਰੀਕਾ ਵਿਰੁੱਧ ਇਕ ਵਹਿਸ਼ੀ, ਇਕ-ਪਾਸੜ ਜੰਗ ਦਾ ਹਿੱਸਾ ਸਨ | ਹੇਗਸੇਥ ਨੇ ਕਿਹਾ ਕਿ ਅਮਰੀਕਾ ਈਰਾਨ 'ਚ ਰਾਸ਼ਟਰ-ਨਿਰਮਾਣ ਦੇ ਯਤਨਾਂ 'ਚ ਸ਼ਾਮਿਲ ਨਹੀਂ ਹੈ ਤੇ ਈਰਾਨ 'ਤੇ ਚੱਲ ਰਹੇ ਹਮਲਿਆਂ ਦਾ ਇਕ ਸਪੱਸ਼ਟ ਮਿਸ਼ਨ ਹੈ ਤੇ ਇਹ ਇਕ ਲੰਬੇ, ਨਿਰੰਤਰ ਸੰਘਰਸ਼ ਦੀ ਸ਼ੁਰੂਆਤ ਨਹੀਂ ਹੋਵੇਗੀ | ਅਮਰੀਕਾ ਨੇ ਰਿਪੋਰਟ ਦਿੱਤੀ ਹੈ ਕਿ ਕੁਵੈਤ ਨੇ ਆਪਣੇ ਤਿੰਨ ਐਫ15-ਈ ਸਟ੍ਰਾਈਕ ਈਗਲ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਹੈ | ਅਮਰੀਕੀ ਫੌਜ ਅਨੁਸਾਰ ਕੁਵੈਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਗਲਤੀ ਨਾਲ ਇਨ੍ਹਾਂ ਜਹਾਜ਼ਾਂ ਨੂੰ ਦੁਸ਼ਮਣ ਦੇ ਜਹਾਜ਼ ਸਮਝ ਕੇ ਨਿਸ਼ਾਨਾ ਬਣਾਇਆ | ਹਾਦਸੇ 'ਚ ਸਾਰੇ ਅਮਰੀਕੀ ਪਾਇਲਟ ਸੁਰੱਖਿਅਤ ਹਨ | ਇਸੇ ਦੌਰਾਨ ਈਰਾਨ ਨੇ ਸਾਈਪ੍ਰਸ 'ਚ ਬਿ੍ਟਿਸ਼ ਰਾਇਲ ਏਅਰ ਫੋਰਸ (ਬੀ.ਆਰ.ਏ.ਐਫ.) ਦੇ ਅਕਰੋਟੀਰੀ ਬੇਸ 'ਤੇ ਡਰੋਨ ਹਮਲਾ ਕੀਤਾ | ਬਰਤਾਨੀਆ ਦੇ ਰੱਖਿਆ ਮੰਤਰਾਲੇ ਅਨੁਸਾਰ ਐਤਵਾਰ ਦੇਰ ਰਾਤ ਹਮਲੇ 'ਚ ਬੇਸ ਨੂੰ ਮਾਮੂਲੀ ਨੁਕਸਾਨ ਹੋਇਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਬਰਤਾਨਵੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ | ਦਰਅਸਲ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਈਰਾਨੀ ਮਿਜ਼ਾਈਲ ਸਥਾਨਾਂ 'ਤੇ ਹਮਲਾ ਕਰਨ ਲਈ ਅਮਰੀਕਾ ਨੂੰ ਇਸ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਸੀ | ਕੁਵੈਤ 'ਚ ਇਕ ਅਮਰੀਕੀ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ | ਫੁਟੇਜ 'ਚ ਲੜਾਕੂ ਜਹਾਜ਼ ਨੂੰ ਜ਼ਮੀਨ 'ਤੇ ਡਿੱਗਦੇ ਹੋਏ ਦਿਖਾਇਆ ਗਿਆ ਹੈ |
ਕੁਵੈਤ ਨੇ ਗਲਤੀ ਨਾਲ ਡੇਗੇ 3 ਅਮਰੀਕੀ ਲੜਾਕੂ ਜਹਾਜ਼
ਅਮਰੀਕੀ ਫੌਜ ਨੇ ਕਿਹਾ ਹੈ ਕਿ ਈਰਾਨ ਵਲੋਂ ਕੀਤੇ ਹਮਲੇ ਦੌਰਾਨ ਕੁਵੈਤ ਨੇ ਤਿੰਨ ਅਮਰੀਕੀ ਐਫ-15ਈ ਸਟ੍ਰਾਈਕ ਈਗਲਜ਼ ਨੂੰ ਗਲਤੀ ਨਾਲ ਡੇਗ ਦਿੱਤਾ ਹੈ | ਇਸ ਬਾਰੇ ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਜੰਗ 'ਚ ਈਰਾਨੀ ਜਹਾਜ਼, ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨ ਹਮਲੇ ਸ਼ਾਮਿਲ ਸਨ | ਇਹ ਪਹਿਲੀ ਵਾਰ ਹੈ ਜਦੋਂ ਈਰਾਨ ਦਾ ਪੁਰਾਣਾ ਲੜਾਕੂ ਬੇੜਾ ਯੁੱਧ 'ਚ ਸ਼ਾਮਿਲ ਹੋਇਆ ਹੈ | ਇਸ ਸਬੰਧੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਕੁਵੈਤੀ ਹਵਾਈ ਰੱਖਿਆ ਦੁਆਰਾ ਗਲਤੀ ਨਾਲ ਡੇਗ ਦਿੱਤਾ ਗਿਆ ਹੈ | ਹਾਲਾਂਕਿ ਚਾਲਕ ਦਲ ਦੇ ਸਾਰੇ 6 ਮੈਂਬਰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਏ ਗਏ ਹਨ |
ਕਤਰ ਨੇ 2 ਈਰਾਨੀ ਜੰਗੀ ਜਹਾਜ਼ ਡੇਗੇ
ਖਾੜੀ ਦੇਸ਼ ਕਤਰ ਦਾ ਕਹਿਣਾ ਹੈ ਕਿ ਉਸ ਦੀ ਹਵਾਈ ਫੌਜ ਨੇ ਦੋ ਈਰਾਨੀ ਜੰਗੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ | ਕਤਰ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਦੀ ਫੌਜ ਨੇ ਸੋਵੀਅਤ ਯੁੱਗ ਦੇ ਦੋ ਸੁਖੋਈ ਐਸ.ਯੂ.-24 ਬੰਬਾਰਾਂ ਨੂੰ ਡੇਗ ਦਿੱਤਾ ਹੈ |
ਲਿਬਨਾਨ 'ਤੇ ਇਜ਼ਰਾਈਲੀ ਹਮਲੇ-31 ਮੌਤਾਂ
ਹਿਜ਼ਬੁੱਲਾ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਲਿਬਨਾਨ 'ਤੇ ਇਜ਼ਰਾਈਲੀ ਹਵਾਈ ਹਮਲਿਆਂ 'ਚ ਘੱਟੋ-ਘੱਟ 31 ਲੋਕ ਮਾਰੇ ਗਏ ਹਨ | ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਹਿਜ਼ਬੁੱਲਾ ਹਮਲੇ ਤੇ ਇਜ਼ਰਾਈਲੀ ਜਵਾਬੀ ਹਮਲਿਆਂ ਨੇ ਮੱਧ ਪੂਰਬ 'ਚ ਚੱਲ ਰਹੀ ਜੰਗ ਨੂੰ ਵਧਾ ਦਿੱਤਾ ਹੈ | ਇਸ ਬਾਰੇ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ 'ਚ 149 ਲੋਕ ਜ਼ਖਮੀ ਵੀ ਹੋਏ ਹਨ | ਇਸ 'ਚ ਕਿਹਾ ਗਿਆ ਹੈ ਕਿ ਮਿ੍ਤਕਾਂ 'ਚੋਂ ਲਗਭਗ ਦੋ-ਤਿਹਾਈ ਦੱਖਣੀ ਲਿਬਨਾਨ 'ਚ ਸਨ |
ਓਮਾਨ ਦੀ ਖਾੜੀ 'ਚ ਤੇਲ ਟੈਂਕਰ 'ਤੇ ਹਮਲੇ 'ਚ ਭਾਰਤੀ ਦੀ ਮੌਤ
ਓਮਾਨ ਨੇ ਕਿਹਾ ਹੈ ਕਿ ਓਮਾਨ ਦੀ ਖਾੜੀ 'ਚ ਇਕ ਡਰੋਨ ਨੇ ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲੇ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਸਵਾਰ ਇਕ ਭਾਰਤੀ ਮਲਾਹ ਦੀ ਮੌਤ ਹੋ ਗਈ ਹੈ | ਸਰਕਾਰੀ ਓਮਾਨ ਨਿਊਜ਼ ਏਜੰਸੀ ਨੇ ਸੁਲਤਾਨਤ ਦੀ ਰਾਜਧਾਨੀ ਮਸਕਟ ਦੇ ਤੱਟ 'ਤੇ ਓਮਾਨ ਦੀ ਖਾੜੀ 'ਚ ਹਮਲੇ ਦੀ ਰਿਪੋਰਟ ਦਿੱਤੀ | ਏਜੰਸੀ ਨੇ ਕਿਹਾ ਹੈ ਕਿ ਮਾਰਿਆ ਗਿਆ ਮਲਾਹ ਭਾਰਤ ਤੋਂ ਸੀ | ਈਰਾਨ ਵਾਰ-ਵਾਰ ਫਾਰਸ ਦੀ ਖਾੜੀ ਦੇ ਤੰਗ ਮੂੰਹ, ਹੋਰਮੁਜ਼ ਜਲਡਮਰੂ ਨੇੜੇ ਆਉਣ ਵਾਲੇ ਜਹਾਜ਼ਾਂ ਨੂੰ ਚਿਤਾਵਨੀਆਂ ਦੇ ਰਿਹਾ ਹੈ ਤੇ ਮੰਨਿਆ ਜਾਂਦਾ ਹੈ ਕਿ ਉਸ ਨੇ ਕਈ ਹਮਲੇ ਕੀਤੇ ਹਨ | ਇਹ ਹਮਲੇ ਇਜ਼ਰਾਈਲ ਤੇ ਅਮਰੀਕਾ ਦੁਆਰਾ ਈਰਾਨ ਵਿਰੁੱਧ ਫੌਜੀ ਕਾਰਵਾਈ ਕਾਰਨ ਸ਼ੁਰੂ ਹੋਏ ਪੱਛਮੀ ਏਸ਼ੀਆ 'ਚ ਚੱਲ ਰਹੇ ਯੁੱਧ ਵਿਚਕਾਰ ਹੋਏ ਹਨ |
ਖਾਮੇਨੇਈ ਦੀ ਮੌਤ ਤੋਂ ਦੋ ਦਿਨ ਬਾਅਦ ਪਤਨੀ ਦੀ ਵੀ ਮੌਤ
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਦੋ ਦਿਨ ਬਾਅਦ ਉਨ੍ਹਾਂ ਦੀ ਪਤਨੀ ਮਨਸੂਰਹ ਖੋਜ਼ੇਸਤੇਹ ਬਾਘੇਰਜ਼ਾਦੇਹ ਦਾ ਵੀ ਦਿਹਾਂਤ ਹੋ ਗਿਆ ਹੈ | ਮਨਸੂਰਹ ਦੋ ਦਿਨ ਪਹਿਲਾਂ ਅਮਰੀਕਾ ਤੇ ਇਜ਼ਰਾਈਲੀ ਹਮਲੇ, ਜਿਸ 'ਚ ਖਾਮੇਨੇਈ ਦੀ ਮੌਤ ਹੋ ਗਈ ਸੀ, 'ਚ ਜ਼ਖ਼ਮੀ ਹੋ ਗਈ ਸੀ | ਈਰਾਨੀ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਕਿ ਮਨਸੂਰਹ ਦੀ ਮੌਤ ਇਲਾਜ ਦੌਰਾਨ ਹੋਈ |
ਮੋਦੀ ਵਲੋਂ ਬਹਿਰੀਨ ਦੇ ਰਾਜਾ ਤੇ ਸਾਊਦੀ ਅਰਬ ਦੇ ਸ਼ਹਿਜ਼ਾਦਾ ਨਾਲ ਗੱਲਬਾਤ
ਨਵੀਂ ਦਿੱਲੀ, 2 ਮਾਰਚ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਦੇ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਤੇ ਸਾਊਦੀ ਅਰਬ ਦੇ ਕ੍ਰਾਊਨ ਪਿ੍ੰਸ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਗੱਲ ਕੀਤੀ ਤੇ ਪੱਛਮੀ ਏਸ਼ੀਆ 'ਚ ਚੱਲ ਰਹੇ ਸੰਘਰਸ਼ ਦੌਰਾਨ ਦੋਵਾਂ ਦੇਸ਼ਾਂ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ | ਇਸ ਸੰਬੰਧੀ ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਜ ਦੋ ਮਹੱਤਵਪੂਰਨ ਟੈਲੀਫੋਨ ਗੱਲਬਾਤ ਕੀਤੀ | ਉਨ੍ਹਾਂ ਬਹਿਰੀਨ ਦੇ ਰਾਜਾ ਕਿੰਗ ਹਮਦ ਬਿਨ ਈਸਾ ਅਲ ਖਲੀਫਾ ਨਾਲ ਗੱਲ ਕੀਤੀ | ਉਨ੍ਹਾਂ ਸਾਊਦੀ ਅਰਬ ਦੇ ਕ੍ਰਾਊਨ ਪਿ੍ੰਸ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨਾਲ ਵੀ ਗੱਲ ਕੀਤੀ | ਪ੍ਰਧਾਨ ਮੰਤਰੀ ਨੇ ਇਨ੍ਹਾਂ ਦੋਵਾਂ ਦੇਸ਼ਾਂ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ |
ਈਰਾਨ 'ਚ 555 ਹਲਾਕ, 740 ਜ਼ਖ਼ਮੀ
ਅਲ-ਜਜ਼ੀਰਾ ਅਨੁਸਾਰ ਅਮਰੀਕਾ ਤੇ ਇਜ਼ਰਾਈਲ ਨੇ ਸਾਂਝੇ ਤੌਰ 'ਤੇ 1,000 ਤੋਂ ਵੱਧ ਈਰਾਨੀ ਠਿਕਾਣਿਆਂ 'ਤੇ ਹਮਲਾ ਕੀਤਾ ਹੈ | ਪਹਿਲੇ 30 ਘੰਟਿਆਂ 'ਚ 2,000 ਤੋਂ ਵੱਧ ਬੰਬ ਸੁੱਟੇ ਗਏ | ਹੁਣ ਤੱਕ 555 ਲੋਕ ਮਾਰੇ ਗਏ ਹਨ ਤੇ 700 ਤੋਂ ਵੱਧ ਜ਼ਖਮੀ ਹੋਏ ਹਨ | ਜੰਗ ਦੇ ਪਹਿਲੇ ਦਿਨ ਇਕ ਸਕੂਲ 'ਤੇ ਹੋਏ ਮਿਜ਼ਾਈਲ ਹਮਲੇ 'ਚ ਮਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ 180 ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋਏ ਹਨ |
ਦੁਨੀਆ ਭਰ 'ਚ ਹਵਾਈ ਸੇਵਾਵਾਂ ਪ੍ਰਭਾਵਿਤ-ਦਿੱਲੀ ਤੋਂ 87 ਹੋਰ ਕੌਮਾਂਤਰੀ ਉਡਾਣਾਂ ਰੱਦ

ਨਵੀਂ ਦਿੱਲੀ, 2 ਮਾਰਚ (ਉਪਮਾ ਡਾਗਾ ਪਾਰਥ)-ਈਰਾਨ-ਇਜ਼ਰਾਈਲ ਦਰਮਿਆਨ ਚੱਲ ਰਹੀ ਜੰਗ ਕਾਰਨ ਆਲਮੀ ਪੱਧਰ 'ਤੇ ਵੀ ਹਵਾਈ ਸੇਵਾਵਾਂ ਕਾਫ਼ੀ ਪ੍ਰਭਾਵਿਤ ਹੋਈਆਂ ਹਨ | ਇਕ ਰਿਪੋਰਟ ਮੁਤਾਬਿਕ ਸੋਮਵਾਰ ਸਵੇਰ ਤੱਕ 1239 ਉਡਾਣਾਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਸਨ, ਜਦਕਿ ਸਨਿਚਰਵਾਰ ਨੂੰ 2800 ਅਤੇ ਐਤਵਾਰ ਨੂੰ 3156 ਉਡਾਣਾਂ ਰੱਦ ਕੀਤੀਆਂ ਗਈਆਂ | ਸੋਮਵਾਰ ਤੱਕ ਈਰਾਨ, ਇਰਾਕ, ਕੁਵੈਤ, ਇਜ਼ਰਾਈਲ, ਬਹਿਰੀਨ, ਯੂ.ਏ.ਈ. ਅਤੇ ਕਤਰ ਦੇ ਉਪਰ ਦਾ ਹਵਾਈ ਖੇਤਰ ਤਕਰੀਬਨ ਖ਼ਾਲੀ ਨਜ਼ਰ ਆਇਆ, ਜਦਕਿ ਦੁਨੀਆ ਦਾ ਸਭ ਤੋਂ ਰੁਝੇਵੇਂ ਭਰਿਆ ਦੁਬਈ ਹਵਾਈ ਅੱਡਾ ਲਗਾਤਾਰ ਤੀਜੇ ਦਿਨ ਵੀ ਬੰਦ ਰਿਹਾ | ਅਬੂ ਧਾਬੀ ਅਤੇ ਦੋਹਾ ਦੇ ਹਵਾਈ ਅੱਡੇ ਜਾਂ ਤਾਂ ਪੂਰੀ ਤਰ੍ਹਾਂ ਬੰਦ ਰਹੇ ਜਾਂ ਬਹੁਤ ਸੀਮਿਤ ਸੇਵਾਵਾਂ ਦੇ ਨਾਲ ਸੰਚਾਲਿਤ ਹੋਏ | ਐਮੀਰੇਟਸ, ਇਤਿਹਾਦ ਏਅਰਵੇਜ਼ ਅਤੇ ਕਤਰ ਏਅਰਵੇਜ਼ ਨੇ ਮਿਲ ਕੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ | ਐਮੀਰੇਟਸ ਨੇ ਸੋਮਵਾਰ ਦੁਪਹਿਰ 3 ਵਜੇ ਤੱਕ ਦੁਬਈ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ | ਇਤਿਹਾਦ ਏਅਰਵੇਜ਼ ਨੇ ਅਬੂ ਧਾਬੀ ਲਈ ਦੁਪਹਿਰ 2 ਵਜੇ ਤੱਕ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ, ਜਦਕਿ ਕਤਰ ਏਅਰਵੇਜ਼ ਨੇ ਕਤਰ ਦੇ ਹਵਾਈ ਅੱਡੇ ਦਾ ਖੇਤਰ ਬੰਦ ਹੋਣ ਕਾਰਨ ਉਡਾਣ ਸੰਚਾਲਨ ਮੁਲਤਵੀ ਕਰ ਦਿੱਤਾ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ 'ਐਕਸ' 'ਤੇ ਕਿਹਾ ਕਿ ਭਾਰਤੀ ਏਅਰਲਾਈਨਾਂ ਨੇ ਸੋਮਵਾਰ ਨੂੰ 357 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ | ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਦੇਸ਼ ਦੇ ਚਾਰ ਮੁੱਖ ਹਵਾਈ ਅੱਡਿਆਂ ਦਿੱਲੀ ਤੋਂ 87, ਮੁੰਬਈ ਤੋਂ 116, ਬੈਂਗਲੁਰੂ ਤੋਂ 72 ਅਤੇ ਚੇਨਈ ਤੋਂ 28 ਉਡਾਣ ਸੇਵਾਵਾਂ, ਜਿਨ੍ਹਾਂ 'ਚ ਆਉਣ-ਜਾਣ ਵਾਲੀਆਂ ਉਡਾਣਾਂ ਸ਼ਾਮਿਲ ਹਨ, ਰੱਦ ਕਰ ਦਿੱਤੀਆਂ ਗਈਆਂ |
ਅਦਾਕਾਰ ਤੇ ਗਾਇਕ ਐਮੀ ਵਿਰਕ ਦੀ ਪਤਨੀ ਤੇ ਬੇਟੀ ਯੂ.ਏ.ਈ. 'ਚ ਫਸੇ

ਚੰਡੀਗੜ੍ਹ, 2 ਮਾਰਚ (ਪੀ.ਟੀ.ਆਈ.)-ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਨੇ ਸੋਮਵਾਰ ਨੂੰ ਈਰਾਨ 'ਤੇ ਇਜ਼ਰਾਈਲ-ਅਮਰੀਕਾ ਹਮਲੇ ਤੋਂ ਬਾਅਦ ਉੱਥੇ ਵਧ ਰਹੇ ਤਣਾਅ ਦੇ ਵਿਚਕਾਰ ਯੂ.ਏ.ਈ. ਵਿਚ ਫਸੇ ਆਪਣੀ ਪਤਨੀ ਅਤੇ 6 ਸਾਲਾਂ ਦੀ ਬੇਟੀ ਸੰਬੰਧੀ ਆਪਣੀ ਭਾਵਨਾਤਮਕ ਪ੍ਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਹੈ | ਜਦੋਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਵਿਰਕ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤÏਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ | ਇਕ ਇੰਸਟਾਗ੍ਰਾਮ ਪੋਸਟ 'ਚ ਵਿਰਕ ਨੇ ਕਿਹਾ ਕਿ ਇਕ ਪਤੀ ਅਤੇ ਪਿਤਾ ਹੋਣ ਦੇ ਨਾਤੇ ਅਜਿਹੇ ਸਮੇਂ ਵਿਚ ਭਾਵੁਕ ਅਤੇ ਤਣਾਅ ਵਿਚ ਨਾ ਰਹਿਣਾ ਅਸੰਭਵ ਹੈ | ਵਿਰਕ ਨੇ ਪ੍ਰਭਾਵਿਤ ਦੇਸ਼ਾਂ ਵਿਚ ਫਸੇ ਲੋਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ |
ਸਾਈਪ੍ਰਸ 'ਚ ਬਰਤਾਨੀਆ ਦੀ ਹਵਾਈ ਫ਼ੌਜ ਦੇ ਬੇਸ 'ਤੇ ਹਮਲਾ
ਲੰਡਨ, 2 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਈਰਾਨੀ ਡਰੋਨ ਨੇ ਸਾਈਪ੍ਰਸ 'ਚ ਬਿ੍ਟਿਸ਼ ਰਾਇਲ ਏਅਰ ਫੋਰਸ ਦੇ ਬੇਸ 'ਤੇ ਹਮਲਾ ਕੀਤਾ | ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕਿ੍ਸਟੋਡੌਲਾਈਡਸ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ | ਇਹ ਡਰੋਨ ਹਮਲਾ ਅਮਰੀਕਾ ਤੇ ਇਜ਼ਰਾਈਲੀ ਵਲੋਂ ਈਰਾਨ 'ਤੇ ਕੀਤੇ ਹਮਲਿਆਂ ਵਿਚਕਾਰ ਹੋਇਆ ਹੈ | ਇਸ ਸੰਬੰਧੀ ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਦੇ ਆਸਪਾਸ ਆਰ.ਏ.ਐਫ. ਅਕਰੋਟੀਰੀ ਨੂੰ ਘੱਟ ਤੋਂ ਘੱਟ ਨੁਕਸਾਨ ਹੋਇਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਬਰਤਾਨੀਆ ਦੇ ਮੱਧ ਪੂਰਬ 'ਚ ਬਰਤਾਨਵੀ ਜਾਨਾਂ ਤੇ ਹਿੱਤਾਂ ਦੀ ਰੱਖਿਆ ਲਈ ਸੀਮਤ ਰੱਖਿਆਤਮਕ ਕਾਰਵਾਈ ਲਈ ਅਮਰੀਕਾ ਨੂੰ ਬਰਤਨਾਵੀ ਬੇਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਗਿਆ ਸੀ | ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਡਾ ਬੇਸ ਤੇ ਕਰਮਚਾਰੀ ਆਮ ਵਾਂਗ ਕੰਮ ਕਰ ਰਹੇ ਹਨ |
ਈਰਾਨੀ ਹਮਲਿਆਂ 'ਚ 3 ਅਮਰੀਕੀ ਸੈਨਿਕ ਹਲਾਕ-5 ਗੰਭੀਰ ਜ਼ਖ਼ਮੀ
ਵਾਸ਼ਿੰਗਟਨ, 2 ਮਾਰਚ (ਏਜੰਸੀ)-ਈਰਾਨ 'ਤੇ ਅਮਰੀਕੀ ਹਮਲਿਆਂ ਦੌਰਾਨ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਤੇ ਪੰਜ ਹੋਰ ਗੰਭੀਰ ਜ਼ਖ਼ਮੀ ਹੋਏ | ਫ਼ੌਜ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਇਕ ਵੱਡੇ ਹਮਲੇ 'ਚ ਪਹਿਲੀਆਂ ਅਮਰੀਕੀ ਮੌਤਾਂ ਹਨ | ਇਸ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ 'ਚ ਹੋਰ ਨੁਕਸਾਨ ਹੋ ਸਕਦਾ ਹੈ | ਇਸ ਸੰਬੰਧੀ ਸਥਿਤੀ ਤੋਂ ਜਾਣੂ ਇਕ ਵਿਅਕਤੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਾਰੇ ਗਏ ਤਿੰਨ ਅਮਰੀਕੀ ਸੈਨਿਕ ਸਨ, ਜੋ ਸਪਲਾਈ ਤੇ ਲੌਜਿਸਟਿਕਸ ਦੀ ਨਿਗਰਾਨੀ ਕਰਨ ਵਾਲੀ ਇਕ ਯੂਨਿਟ ਦੇ ਹਿੱਸੇ ਵਜੋਂ ਕੁਵੈਤ 'ਚ ਤਾਇਨਾਤ ਸਨ | ਇਸ ਬਾਰੇ ਪਹਿਲਾਂ ਰਿਪੋਰਟ ਐਨ.ਬੀ.ਸੀ. ਨਿਊਜ਼ ਤੇ ਦਾ ਵਾਸ਼ਿੰਗਟਨ ਪੋਸਟ ਦੁਆਰਾ ਦਿੱਤੀ ਗਈ ਸੀ | ਯੂ.ਐਸ. ਸੈਂਟਰਲ ਕਮਾਂਡ, ਜੋ ਮੱਧ ਪੂਰਬ ਦੀ ਨਿਗਰਾਨੀ ਕਰਦੀ ਹੈ, ਨੇ ਐਕਸ 'ਤੇ ਇਕ ਪੋਸਟ 'ਚ ਮੌਤਾਂ ਦਾ ਐਲਾਨ ਕੀਤਾ, ਪਰ ਇਹ ਨਹੀਂ ਦੱਸਿਆ ਕਿ ਇਹ ਕਦੋਂ ਤੇ ਕਿੱਥੇ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਨਿਰਮਲ ਭੇਖ ਤੇ ਸੰਤ ਸਮਾਜ ਨੇ ਹੋਲੇ-ਮਹੱਲੇ ਦੀ ਆਰੰਭਤਾ ਮੌਕੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਕੈਨੇਡਾ ਤੇ ਭਾਰਤ ਵਿਚਕਾਰ ਇਤਿਹਾਸਕ ਯੂਰੇਨੀਅਮ ਸਮਝੌਤਾ <br/>
Ad Position 24
No active advertisement