ਸ੍ਰੀ ਅਨੰਦਪੁਰ ਸਾਹਿਬ, 2 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਖ਼ਾਲਸਾ ਪੰਥ ਦੇ ਨਿਆਰੇਪਣ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਤੇ ਮੇਲਾ ਹੋਲਾ ਮਹੱਲਾ ਦੀ ਆਰੰਭਤਾ ਮੌਕੇ ਸਮੂਹ ਨਿਰਮਲ ਭੇਖ ਪੰਚਾਇਤੀ ਅਖਾੜਾ ਕਨਖਲ, ਨਿਰਮਲ ਭੇਖ ਗੁਰਮਤਿ ਪ੍ਰਚਾਰ ਮੰਡਲ ਸੇਵਾ ਸੁਸਾਇਟੀ ਤੇ ਸੰਤ ਸਮਾਜ ਵਲੋਂ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਤੋਂ ਪੁਰਾਤਨ ਰਵਾਇਤਾਂ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਕੀਤੀ ਗਈ | ਨਗਰ ਕੀਰਤਨ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਾਜ਼ਰ ਹੋਏ | ਗੁਰਦੁਆਰਾ ਡੇਰਾ ਟਿੱਬਾ ਸਾਹਿਬ ਤੋਂ ਖ਼ਾਲਸਾਈ ਪ੍ਰੰਪਰਾਵਾਂ ਨਾਲ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਡੇਰਾ ਡੁਮੇਲੀ ਚੱਕ ਹੋਲਗੜ੍ਹ, ਅਗੰਮਪੁਰ ਚੌਕ, ਬੱਸ ਅੱਡਾ, ਵੇਰਵਾ ਚੌਕ, ਰੇਲਵੇ ਸਟੇਸ਼ਨ ਦੇ ਸਾਹਮਣੇ ਤੋਂ ਹੁੰਦਾ ਹੋਇਆ ਪੰਜ ਪਿਆਰਾ ਪਾਰਕ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ, ਮਹੱਲਾ ਨਵੀਂ ਆਬਾਦੀ ਡੇਰਾ ਪਾਲਦੀ ਵਾਲੇ ਤੋਂ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੋਇਆ | ਨਗਰ ਕੀਰਤਨ 'ਚ ਸ਼ਾਮਿਲ ਉਕਤ ਮਹਾਂਪੁਰਸ਼ਾਂ ਅਤੇ ਪੰਥ ਸ਼ਖ਼ਸੀਅਤਾਂ ਨੇ ਕਿਹਾ ਕਿ ਦਸਮ ਪਾਤਸ਼ਾਹ ਵਲੋਂ ਖ਼ਾਲਸਾ ਪੰਥ ਨੂੰ ਨਿਆਰੇਪਣ ਦੀ ਬਖਸ਼ਿਸ਼ ਕਰਦਿਆਂ ਹੋਲੇ ਮਹੱਲੇ ਦੀ ਇਤਿਹਾਸਕ ਪ੍ਰੰਪਰਾ ਆਰੰਭ ਕੀਤੀ ਸੀ | ਅੱਜ ਵੀ ਉਸੇ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਸ਼੍ਰੋਮਣੀ ਕਮੇਟੀ, ਸੰਪ੍ਰਦਾਇ, ਜਥੇਬੰਦੀਆਂ ਅਤੇ ਸੰਤ ਸਮਾਜ ਵਲੋਂ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਇਹ ਪੁਰਬ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ ਹੈ | ਉਨ੍ਹਾਂ ਸੰਗਤ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੇ ਅੰਮਿ੍ਤ ਦੇ ਧਾਰਨੀ ਬਣਨ | ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਹਰਦੇਵ ਸਿੰਘ, ਸੰਤ ਕਰਮਜੀਤ ਸਿੰਘ ਤੇ ਸੰਤ ਬਲਬੀਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਟਿੱਬਾ ਸਾਹਿਬ ਵਾਲੇ, ਸੰਤ ਸੰਤੋਖ ਸਿੰਘ ਪਾਲਦੀਵਾਲ, ਸੰਤ ਬਿਕਰਮਜੀਤ ਸਿੰਘ ਨੰਗਲ, ਸੰਤ ਮਹਾਂਵੀਰ ਸਿੰਘ ਤਾਜੈਵਾਲ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਬਲਬੀਰ ਸਿੰਘ ਲੰਗੇਰੀ, ਸੰਤ ਪ੍ਰੀਤਮ ਸਿੰਘ ਬਾੜੀਆ, ਸੰਤ ਚਮਕੌਰ ਸਿੰਘ ਭਾਈਰੂਪਾ, ਸੰਤ ਹਾਕਮ ਸਿੰਘ ਗੰਡਾਸਿੰਘ ਵਾਲਾ, ਗਿਆਨੀ ਗੁਰਦਿਆਲ ਸਿੰਘ ਲੱਖਪੁਰ, ਸੰਤ ਚਮਕੌਰ ਸਿੰਘ ਹੋਲਗੜ੍ਹ, ਸੰਤ ਭਾਗ ਸਿੰਘ ਬੰਗਾ, ਸੰਤ ਸਤਨਾਮ ਸਿੰਘ ਕਾਰ ਸੇਵਾ ਕਿਲ੍ਹ ਾ ਅਨੰਦਗੜ੍ਹ ਸਾਹਿਬ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਸੰਤ ਅਮਰਜੀਤ ਸਿੰਘ ਹਰਖੋਵਾਲ, ਗਿਆਨੀ ਸੁਰਜੀਤ ਸਿੰਘ ਹਰਖੋਵਾਲ, ਸ੍ਰੀ ਮਹੰਤ ਰੇਸ਼ਮ ਸਿੰਘ, ਗਿਆਨੀ ਸਰਬਜੀਤ ਸਿੰਘ, ਗਿਆਨੀ ਜਸਪਾਲ ਸਿੰਘ, ਬਾਬਾ ਅਵਤਾਰ ਸਿੰਘ ਭੂਰੀਵਾਲੇ, ਮਹੰਤ ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਸੰਤ ਮਹਾਂਪੁਰਸ਼ ਤੇ ਇਲਾਕੇ ਦੀ ਸੰਗਤ ਹਾਜ਼ਰ ਸੀ | ਨਗਰ ਕੀਰਤਨ 'ਚ ਸ਼ਾਮਿਲ ਸਮੂਹ ਮਹਾਨ ਸ਼ਖ਼ਸੀਅਤਾਂ, ਸੰਤਾਂ-ਮਹਾਂਪੁਰਸ਼ਾਂ ਦਾ ਸੰਤ ਕਰਮਜੀਤ ਸਿੰਘ ਤੇ ਸੰਤ ਬਲਬੀਰ ਸਿੰਘ ਵਲੋਂ ਧੰਨਵਾਦ ਕੀਤਾ ਗਿਆ |
ਨਿਰਮਲ ਭੇਖ ਤੇ ਸੰਤ ਸਮਾਜ ਨੇ ਹੋਲੇ-ਮਹੱਲੇ ਦੀ ਆਰੰਭਤਾ ਮੌਕੇ ਨਗਰ ਕੀਰਤਨ ਸਜਾਇਆ <br/>
ਅਜੀਤ ਡੈਸਕ
03-03-2026