• ਖ਼ਾਲਸਾਈ ਜੈਕਾਰਿਆਂ ਨਾਲ ਗੂੰਜਿਆ ਸ੍ਰੀ ਅਨੰਦਪੁਰ ਸਾਹਿਬ • ਬਾਬਾ ਬਲਬੀਰ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਕੀਤੀ ਅਗਵਾਈ
ਕਰਨੈਲ ਸਿੰਘ, ਜੇ.ਐਸ. ਨਿੱਕੂਵਾਲ
ਸ੍ਰੀ ਅਨੰਦਪੁਰ ਸਾਹਿਬ, 5 ਮਾਰਚ-ਹੋਲੇ-ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ ਕੀਆਂ ਲਾਡਲੀਆਂ ਖ਼ਾਲਸਾਈ ਨਿਹੰਗ ਸਿੰਘ ਦਲਪੰਥ ਫ਼ੌਜਾਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ 'ਚ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦੀ ਬਾਗ ਤੋਂ ਪੁਰਾਤਨ ਰਵਾਇਤ ਮੁਤਾਬਕ ਮਹੱਲਾ ਸਜਾਇਆ ਗਿਆ | ਇਸ ਤੋਂ ਪਹਿਲਾਂ ਸਾਰੀਆਂ ਨਿਹੰਗ ਸਿੰਘ ਦਲ ਪੰਥਾਂ ਦੀਆਂ ਛਾਉਣੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥਾਂ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਗੁਰਬਾਣੀ ਦੇ ਮਨੋਹਰ ਕੀਰਤਨ ਹੋਏ | ਕਥਾਵਾਚਕਾਂ, ਪ੍ਰਚਾਰਕਾਂ ਅਤੇ ਢਾਡੀ ਕਵੀਸ਼ਰਾਂ ਨੇ ਸਿੱਖ ਇਤਿਹਾਸ ਅਤੇ ਹੋਲੇ ਮਹੱਲੇ ਦੀ ਮਹਿਮਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ | ਸ੍ਰੀ ਅਖੰਡ ਪਾਠ ਦੇ ਭੋਗ ਮੌਕੇ ਪੁੱਜੀਆਂ ਧਾਰਮਿਕ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ | ਉਪਰੰਤ ਛਾਉਣੀ ਬੁੱਢਾ ਦਲ ਗੁਰੂੁ ਕੇ ਬਾਗ਼ ਤੋਂ ਮਹੱਲੇ ਦੀ ਆਰੰਭਤਾ ਹੋਈ | ਜਿਸ 'ਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਲ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਬਾਬਾ ਜੋਗਾ ਸਿੰਘ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਤਰਨਾ ਦਲ ਸੰਪਰਦਾ ਬਾਬਾ ਬਿਧੀ ਚੰਦ ਸੁਰਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਜਥੇ. ਬਾਬਾ ਨਾਗਰ ਸਿੰਘ, ਜਥੇ. ਬਾਬਾ ਬਲਦੇਵ ਸਿੰਘ ਵੱਲਾ, ਜਥੇ: ਬਾਬਾ ਵੱਸਣ ਸਿੰਘ ਮੜ੍ਹੀਆਂ ਵਾਲੇ, ਜਥੇ. ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ, ਜਥੇ. ਬਾਬਾ ਲਾਲ ਸਿੰਘ, ਜਥੇ: ਬਾਬਾ ਛਿੰਦਾ ਸਿੰਘ ਭਿਖੀਵਿੰਡ, ਜਥੇ: ਬਾਬਾ ਜੋਗਾ ਸਿੰਘ ਕਰਨਾਲ ਵਾਲੇ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ 'ਚ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਆਪਣੇ-ਆਪਣੇ ਦਲਾਂ ਬਲਾਂ ਸਮੇਤ ਸ਼ਾਮਿਲ ਹੋਏ | ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੋਂ ਅਰੰਭ ਹੋ ਕੇ ਨਵੀਂ ਆਬਾਦੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵੇਰਕਾ ਚੌਕ, ਬੱਸ ਅੱਡਾ ਹੋ ਕੇ ਇਤਿਹਾਸਕ ਅਸਥਾਨ ਗੁਰਦੁਆਰਾ ਮਾਤਾ ਜੀਤਾਂ ਜੀ ਸਾਹਿਬ ਵਿਖੇ ਨਤਮਸਤਕ ਨਿਹੰਗ ਸਿੰਘਾਂ ਦੇ ਮੁਖੀ ਸਿੱਖ ਰਵਾਇਤੀ ਬਾਣਿਆਂ, ਸ਼ਸਤਰਾਂ, ਘੋੜਿਆਂ, ਹਾਥੀਆਂ 'ਤੇ ਸਵਾਰ ਹੋ ਕੇ ਚਰਨ ਗੰਗਾ ਸਟੇਡੀਅਮ ਪਹੁੰਚੇ | ਜਿਥੇ ਨਿਹੰਗ ਸਿੰਘਾਂ ਨੇ ਸੰਗਤ ਦੇ ਲਾ ਮਿਸਾਲ ਇਕੱਠ ਨੂੰ ਘੌੜ ਸਵਾਰੀ, ਨੇਜੇਬਾਜ਼ੀ, ਗਤਕੇਬਾਜ਼ੀ ਆਦਿ ਦੇ ਜੰਗਜੂ ਜੌਹਰ ਦਿਖਾਏ | ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਸਮੁੱਚੇ ਦਲਾਂ ਦੇ ਮੁਖੀਆਂ ਦਾ ਵਿਸ਼ੇਸ਼ ਤੌਰ 'ਤੇ ਅਤੇ ਮਹੱਲੇ 'ਚ ਸ਼ਾਮਿਲ ਹੋਣ ਲਈ ਦੂਰੋਂ ਨੇੜਿਓਾ ਪਹੁੰਚੀਆਂ ਸਮੁੱਚੀਆਂ ਨਿਹੰਗ ਸਿੰਘ ਫ਼ੌਜਾਂ ਦਾ ਧੰਨਵਾਦ ਕੀਤਾ | ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਵੀ ਹਰੇਕ ਪ੍ਰਾਣੀ ਨੂੰ ਅੰਮਿ੍ਤ ਛਕ ਕੇ ਸ਼ਸ਼ਤਰਧਾਰੀ ਹੋਣ ਦੀ ਅਪੀਲ ਕੀਤੀ | ਚਰਨਗੰਗਾ ਸਟੇਡੀਅਮ 'ਚ ਨਿਹੰਗ ਸਿੰਘ ਫ਼ੌਜਾਂ ਦਾ ਉਤਾਰਾ ਅਤੇ ਉਨ੍ਹਾਂ ਵਲੋਂ ਗੁਲਾਲ ਦਾ ਛਿੜਕਾਅ ਇਕ ਅਦਭੁਤ ਨਜ਼ਾਰਾ ਪੇਸ਼ ਕਰ ਰਿਹਾ ਸੀ | ਸ੍ਰੀ ਅਨੰਦਪੁਰ ਸਾਹਿਬ ਦੀ ਸਮੁੱਚੀ ਧਰਤੀ ਖ਼ਾਲਸਾਈ ਰੰਗ 'ਚ ਰੰਗੀ ਗਈ | ਇਸ ਸਮੇਂ ਬਾਬਾ ਅਰਜਨ ਸਿੰਘ ਪਟਿਆਲੇ ਵਾਲੇ, ਬਾਬਾ ਜਗਜੀਤ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲਾ ਬਟਾਲਾ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਜਗਤਾਰ ਸਿੰਘ ਠੱਠੇ ਵਾਲੇ, ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਰਾਜਾ ਰਾਜ ਸਿੰਘ, ਬਾਬਾ ਢੂੰਡਾ ਸਿੰਘ ਮਿਸਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਚਮਕੌਰ ਸਾਹਿਬ, ਬਾਬਾ ਇੰਦਰ ਸਿੰਘ, ਬਾਬਾ ਮੱਘਰ ਸਿੰਘ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਇੰਦਰਪਾਲ ਸਿੰਘ ਫ਼ੌਜੀ ਹਜ਼ੂਰ ਸਾਹਿਬ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਰਣਯੋਧ ਸਿੰਘ, ਬਾਬਾ ਪਿਆਰਾ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਖੜਕ ਸਿੰਘ, ਬਾਬਾ ਚਰਨ ਸਿੰਘ ਫਤਹਿਗੜ੍ਹ ਸਾਹਿਬ ਆਦਿ ਹਾਜ਼ਰ ਸਨ | ਖ਼ਾਲਸਾ ਪੰਥ ਦੇ ਜਾਹੋ-ਜਲਾਲ ਅਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਰਾਤਨ ਖਾਲਸਾਈ ਰਵਾਇਤ ਅਨੁਸਾਰ ਸਜਾਏ ਮਹੱਲੇ ਨਾਲ ਅਮਨ ਸ਼ਾਂਤੀ ਪੂਰਵਕ ਸੰਪੂਰਨ ਹੋ ਗਿਆ |
ਹੋਲਾ ਮਹੱਲਾ ਦੀ ਸੰਪੂਰਨਤਾ ਮੌਕੇ ਨਿਹੰਗ ਸਿੰਘਾਂ ਨੇ ਸਜਾਇਆ ਮਹੱਲਾ
ਅਜੀਤ ਡੈਸਕ
06-03-2026