ਵੱਧ ਤੋਂ ਵੱਧ ਚਾਰਜ 300 ਰੁਪਏ ਸੀਮਤ ਨਿਯਮ 15 ਅਕਤੂਬਰ ਤੋਂ ਲਾਗੂ
ਨਵੀਂ ਦਿੱਲੀ, 15 ਸਤੰਬਰ (ਉਪਮਾ ਡਾਗਾ ਪਾਰਥ)- ਯੂ.ਪੀ.ਆਈ. ਭੁਗਤਾਨ ਨੂੰ ਲੈ ਕੇ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਆਦੇਸ਼ ਦਿੱਤਾ ਹੈ ਕਿ 2000 ਰੁਪਏ ਤੋਂ ਜ਼ਿਆਦਾ ਦੇ ਯੂ.ਪੀ.ਆਈ. ਲੈਣ-ਦੇਣ ’ਤੇ 15 ਅਕਤੂਬਰ ਤੋਂ 0.4 ਫ਼ੀਸਦੀ ਚਾਰਜ ਲੱਗੇਗਾ ਅਤੇ 75 ਹਜ਼ਾਰ ਰੁਪਏ ਜਾਂ ਉਸ ਤੋਂ ਵੱਧ ਦੇ ਲੈਣ-ਦੇਣ ਲਈ ਵੱਧ ਤੋਂ ਵੱਧ 300 ਰੁਪਏ ਦਾ ਚਾਰਜ ਦੇਣਾ ਹੋਵੇਗਾ। ਇਹ ਐਲਾਨ ਵਿੱਤ ਮੰਤਰਾਲੇ ਵਲੋਂ ਜਾਰੀ ਉਸ ਨੋਟੀਫਿਕੇਸ਼ਨ ਤੋਂ ਇਕ ਦਿਨ ਬਾਅਦ ਆਇਆ ਹੈ ਜਿਸ ’ਚ ਕਿਹਾ ਗਿਆ ਸੀ ਕਿ ਦੋ ਹਜ਼ਾਰ ਰੁਪਏ ਤੱਕ ਦੇ ਯੂ.ਪੀ.ਆਈ. ਭੁਗਤਾਨ ’ਤੇ ਕੋਈ ਚਾਰਜ ਨਹੀਂ ਲੱਗੇਗਾ। ਇਸ ਨੋਟੀਫਿਕੇਸ਼ਨ ਤੋਂ ਬਾਅਦ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਤੋਂ ਵੱਧ ਰਕਮ ’ਤੇ ਚਾਰਜ ਲਾਏ ਜਾ ਸਕਦੇ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐਨ. ਸੀ. ਪੀ. ਆਈ.) ਨੇ ਯੂ.ਪੀ.ਆਈ. ਲੈਣ-ਦੇਣ ਲਈ ਮਰਚੈਂਟ ਡਿਸਕਾਊਂਟ ਰੇਟ ਦਾ (ਐਮ.ਡੀ.ਆਰ.) ਦਾ ਐਲਾਨ ਕਰਦਿਆਂ ਕਿਹਾ ਕਿ ਦੋ ਹਜ਼ਾਰ ਰੁਪਏ ਤੋਂ ਵੱਧ ਦੇ ਪਰਸਨ ਟੂ ਮਰਚੈਂਟ ਪੇਮੈਂਟ ’ਤੇ 0.4 ਫ਼ੀਸਦੀ ਦਾ ਚਾਰਜ ਲੱਗੇਗਾ। ਇਹ ਫ਼ੀਸ ਭਾਵੇਂ ਸਿੱਧੇ ਤੌਰ ’ਤੇ ਖਪਤਕਾਰਾਂ ਤੋਂ ਨਹੀਂ ਲਈ ਜਾਵੇਗੀ ਪਰ ਦੋ ਹਜ਼ਾਰ ਤੋਂ ਵੱਧ ਦੀ ਆਨਲਾਈਨ ਅਦਾਇਗੀ ’ਤੇ ਦੁਕਾਨਦਾਰ ਜਾਂ ਵਪਾਰੀ ਤੋਂ 0.4 ਫ਼ੀਸਦੀ ਚਾਰਜ ਲਿਆ ਜਾਵੇਗਾ। 15 ਅਕਤੂਬਰ ਤੋਂ ਲਾਗੂ ਇਸ ਨੇਮ ’ਚ 75 ਹਜ਼ਾਰ ਰੁਪਏ ਜਾਂ ਉਸ ਤੋਂ ਵੱਧ ਦੇ ਭੁਗਤਾਨ ਦੇ ਲਈ ਐਮ.ਡੀ.ਆਰ. ਦੀ ਹੱਦ ਪ੍ਰਤੀ ਟ੍ਰਾਂਜੈਕਸ਼ਨ 300 ਰੁਪਏ ਮਿੱਥੀ ਗਈ ਹੈ। ਐਨ.ਸੀ.ਪੀ.ਆਈ. ਮੁਤਾਬਿਕ ਰੇਲਵੇ, ਟੈਲੀਕਾਮ ਸਰਵਿਸ, ਬੀਮਾ ਅਤੇ ਪੈਟਰੋਲ-ਡੀਜ਼ਲ ਜਿਹੇ ਖ਼ਾਸ ਮਰਚੈਂਟ ਵਰਗਾਂ ਲਈ 2 ਹਜ਼ਾਰ ਰੁਪਏ ਤੋਂ ਵੱਧ ਦੇ ਟ੍ਰਾਂਜੈਕਸ਼ਨ ’ਤੇ ਹਰ ਟ੍ਰਾਂਜੈਕਸ਼ਨ 5 ਰੁਪਏ ਦਾ ਨਿਸਚਿਤ ਐਮ.ਡੀ.ਆਰ. ਲਾਗੂ ਹੋਵੇਗਾ। ਹਾਲਾਂਕਿ ਐਨ.ਪੀ.ਸੀ.ਆਈ. ਨੇ ਕਾਰੋਬਾਰੀ ਦੇ ਟਰਨ ਓਵਰ ਦੇ ਆਧਾਰ ’ਤੇ ਚਾਰਜ ਦੀ ਕੋਈ ਹੱਦ ਤੈਅ ਨਹੀਂ ਕੀਤੀ। ਨਵੇਂ ਨੇਮ ਮੁਤਾਬਿਕ ਆਮ ਲੋਕਾਂ ਦਰਮਿਆਨ ਹੋਣ ਵਾਲੇ ਯੂ.ਪੀ.ਆਈ. ਲੈਣ-ਦੇਣ ਪੂਰੀ ਤਰ੍ਹਾਂ ਮੁਫ਼ਤ ਹੀ ਰਹਿਣਗੇ। ਛੋਟੇ ਵਪਾਰੀਆਂ ਨੂੰ ਵੀ ਜ਼ੀਰੋ ਮਰਚੈਂਟ ਡਿਸਕਾਊਂਟ ਦਾ ਫਾਇਦਾ ਮਿਲਦਾ ਰਹੇਗਾ ਅਤੇ ਉਹ ਪਰਸਨ ਟੂ ਮਰਚੈਂਟ ਵਰਗ ਤਹਿਤ ਯੂ.ਪੀ.ਆਈ. ਕਿਊ.ਆਰ. ਦੇ ਰਾਹੀਂ ਆਪਣੇ ਬੈਂਕ ਖਾਤੇ ’ਚ ਹਰ ਮਹੀਨੇ ਇਕ ਲੱਖ ਰੁਪਏ ਤੱਕ ਦਾ ਭੁਗਤਾਨ ਬਿਨਾਂ ਐਮ.ਡੀ.ਆਰ. ਦੇ ਲੈ ਸਕਣਗੇ। ਜ਼ਿਕਰਯੋਗ ਹੈ ਕਿ 25 ਅਗਸਤ, 2016 ਨੂੰ ਸ਼ੁਰੂ ਕੀਤੇ ਯੂ.ਪੀ.ਆਈ. ਲੈਣ-ਦੇਣ ਨੂੰ ਇਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ, ਜਿਸ ਦੌਰਾਨ ਯੂ.ਪੀ.ਆਈ. ਲੈਣ-ਦੇਣ ਵਿੱਤੀ ਸਾਲ 2016-17 ਦੇ 0.07 ਲੱਖ ਕਰੋੜ ਰੁਪਏ ਤੋਂ ਵਧ ਕੇ 2025-26 ’ਚ ਤਕਰੀਬਨ 314 ਲੱਖ ਕਰੋੜ ਰੁਪਏ ਹੋ ਗਿਆ ਸੀ। ਭਾਵ ਇਸ ’ਚ 4000 ਗੁਣਾ ਵਾਧਾ ਹੋਇਆ ਹੈ।
ਐਮ.ਡੀ.ਆਰ. (ਮਰਚੈਂਟ ਡਿਸਕਾਊਂਟ ਰੇਟ) ਆਸਾਨ ਭਾਸ਼ਾ ਵਿਚ ਇਹ ਡਿਜੀਟਲ ਭੁਗਤਾਨ ਸਵੀਕਾਰ ਕਰਨ ਦੀ ਸਹੂਲਤ ਬਦਲੇ ਦੁਕਾਨਦਾਰ ਜਾਂ ਕਾਰੋਬਾਰੀ ਤੋਂ ਲਿਆ ਜਾਣ ਵਾਲਾ ਪੈਸਾ ਜਾਂ ਫੀਸ ਹੈ। ਕਾਰਡ ਰਾਹੀਂ ਹੋਣ ਵਾਲੇ ਭੁਗਤਾਨਾਂ ਵਿਚ ਇਸ ਤਰ੍ਹਾਂ ਦੀ ਫੀਸ ਪਹਿਲਾਂ ਤੋਂ ਹੀ ਮੌਜੂਦ ਹੈ।
ਐਮ.ਡੀ.ਆਰ. ਦਾ ਅਸਰ ਗਾਹਕ ’ਤੇ ਪਵੇਗਾ ਜਾਂ ਦੁਕਾਨਦਾਰ ’ਤੇ?
ਐਮ.ਡੀ.ਆਰ. ਮਰਚੈਂਟ ਨਾਲ ਜੁੜਿਆ ਹੈ, ਇਸ ਲਈ ਇਸ ਦਾ ਸਿੱਧਾ ਅਸਰ ਦੁਕਾਨਦਾਰ ਜਾਂ ਕਾਰੋਬਾਰੀ ਦੀ ਭੁਗਤਾਨ ਲਾਗਤ ’ਤੇ ਪਵੇਗਾ। ਹਾਲਾਂਕਿ, ਜੇਕਰ ਕਾਰੋਬਾਰੀ ਦੀ ਲਾਗਤ ਵਧਦੀ ਹੈ ਤਾਂ ਉਹ ਇਸ ਨੂੰ ਆਪਣੀ ਵਪਾਰਕ ਲਾਗਤ ਵਿਚ ਸ਼ਾਮਿਲ ਕਰ ਸਕਦਾ ਹੈ। ਇਸ ਦਾ ਅਸਰ ਸਾਮਾਨ ਜਾਂ ਸੇਵਾ ਦੀ ਕੀਮਤ ’ਤੇ ਪਵੇਗਾ ਜਾਂ ਨਹੀਂ, ਇਹ ਅੱਗੇ ਦੇ ਨਿਯਮਾਂ ਅਤੇ ਬਾਜ਼ਾਰ ਦੀ ਸਥਿਤੀ ’ਤੇ ਨਿਰਭਰ ਕਰੇਗਾ।