02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸਰਕਾਰ ਵਲੋਂ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 09-03-2026

ਆਮ ਵਰਗ ਦੀਆਂ ਔਰਤਾਂ ਨੂੰ 1000 ਤੇ ਦਲਿਤ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ
ਹਰਕਵਲਜੀਤ ਸਿੰਘ

ਚੰਡੀਗੜ੍ਹ, 8 ਮਾਰਚ-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਵਿੱਤੀ ਸਾਲ 2026-27 ਲਈ 2 ਲੱਖ, 60 ਹਜ਼ਾਰ, 437 ਕਰੋੜ ਦੀਆਂ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕੋਈ ਨਵਾਂ ਕਰ ਤਜਵੀਜ਼ ਨਹੀਂ ਕੀਤਾ ਗਿਆ | ਰਾਜ ਦਾ ਬਜਟ ਅੱਜ ਕੌਮੀ ਮਹਿਲਾ ਦਿਵਸ 'ਤੇ ਪੇਸ਼ ਕਰਦਿਆਂ ਵਿੱਤ ਮੰਤਰੀ ਵਲੋਂ 18 ਸਾਲ ਤੋਂ ਵਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਔਰਤਾਂ ਨੂੰ 1500 ਰੁਪਏ ਦੇਣ ਦਾ ਜਦੋਂ ਐਲਾਨ ਕੀਤਾ ਗਿਆ ਤਾਂ 'ਆਪ' ਵਿਧਾਇਕਾਂ ਨੇ ਆਪਣੇ ਬੈਂਚ ਥਪ-ਥਪਾ ਕੇ ਤੇ ਨਾਅਰੇ ਲਗਾ ਕੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ | ਵਿਧਾਨ ਸਭਾ ਦੀਆਂ ਦਰਸ਼ਕ ਗੈਲਰੀਆਂ 'ਚ ਵੀ ਇਹ ਮੌਕਾ ਵੇਖਣ ਲਈ ਪੰਜਾਬ ਭਰ ਤੋਂ ਔਰਤਾਂ ਪੁੱਜੀਆਂ ਹੋਈਆਂ ਸਨ | ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸਾਡੇ ਗੁਆਂਢੀ ਰਾਜ ਵਲੋਂ ਵੀ ਸ਼ੁਰੂ ਕੀਤੀ ਗਈ ਅਜਿਹੀ ਸਕੀਮ ਦਾ ਲਾਭ ਕੇਵਲ 20 ਪ੍ਰਤੀਸ਼ਤ ਔਰਤਾਂ ਨੂੰ ਹੀ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਵਿਚ ਇਹ ਲਾਭ 97 ਪ੍ਰਤੀਸ਼ਤ ਤਕ ਬਾਲਗ ਔਰਤਾਂ ਨੂੰ ਮਿਲ ਸਕੇਗਾ | ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਇਹ ਪੰਜਵਾਂ ਬਜਟ ਚੋਣ ਗਰੰਟੀਆਂ ਨੂੰ ਪੂਰਾ ਕਰਨ ਵਾਲਾ ਅਤੇ ਵਿੱਤੀ ਤੇ ਪ੍ਰਸ਼ਾਸਨਿਕ ਸੁਧਾਰਾਂ 'ਤੇ ਕੇਂਦਰਿਤ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਰਾਜ ਵਿਚ ਵਿੱਤੀ ਅਨੁਸ਼ਾਸਨ ਲਿਆਂਦਿਆਂ ਵਿਕਾਸ ਦੀ ਰਫ਼ਤਰ ਵਿਚ ਤੇਜ਼ੀ ਲਿਆਂਦੀ ਹੈ ਅਤੇ ਬਜਟ ਦੇ ਆਕਾਰ ਵਿਚ 67 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਹੈ, ਜਦੋਂ ਕਿ ਆਉਂਦੇ ਵਿੱਤੀ ਸਾਲ 'ਚ ਰਾਜ ਦੇ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਵੀ 10 ਪ੍ਰਤੀਸ਼ਤ ਤੱਕ ਵਧਣ ਦਾ ਅਨੁਮਾਨ ਹੈ |
ਵਿੱਤ ਮੰਤਰੀ ਨੇ ਦੱਸਿਆ ਕਿ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਵਿਸਾਖੀ ਮੌਕੇ 13 ਅਪ੍ਰੈਲ ਤੋਂ ਹੋਵੇਗੀ ਅਤੇ ਇਸੇ ਦਿਨ ਤੋਂ ਇਸ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਜਾਵੇਗੀ ਤੇ ਔਰਤਾਂ ਨੂੰ 1000 ਤੋਂ 1500 ਰੁਪਏ ਦੀ ਨਕਦ ਰਾਸ਼ੀ ਹਰ ਮਹੀਨੇ ਬੈਂਕ ਖਾਤੇ ਰਾਹੀਂ ਟਰਾਂਸਫਰ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਲਈ ਬਜਟ ਵਿਚ 9300 ਕਰੋੜ ਰੁਪਏ ਰੱਖੇ ਗਏ ਹਨ | ਉਨ੍ਹਾਂ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੀਆਂ ਬਾਲਗ ਔਰਤਾਂ ਜੋ ਸਰਕਾਰੀ ਨੌਕਰੀ 'ਚ ਹੁਣ ਜਾਂ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਣ ਜਾਂ ਮੌਜੂਦਾ ਤੇ ਸਾਬਕਾ ਵਿਧਾਇਕ ਜਾਂ ਸੰਸਦ ਮੈਂਬਰ, ਜਾਂ ਇਨਕਮ ਟੈਕਸ ਭਰਦੀਆਂ ਹੋਣ, ਸਕੀਮ ਅਧੀਨ ਲਾਭਪਾਤਰੀ ਨਹੀਂ ਬਣ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਵਿਧਵਾ, ਬੁਢਾਪਾ ਜਾਂ ਅਪੰਗਤਾ ਵਰਗੀਆਂ ਪੈਨਸ਼ਨਾਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਵੀ ਇਹ ਸਹਾਇਤਾ ਰਾਸ਼ੀ ਲੈ ਸਕਣਗੀਆਂ |
ਵਿੱਤ ਮੰਤਰੀ ਨੇ ਅਪ੍ਰੈਲ 2026 ਤੋਂ ਸੂਬੇ 'ਚ ਨਸ਼ਾ ਤੇ ਸਮਾਜਿਕ ਆਰਥਿਕ ਜਨਗਣਨਾ ਕਰਵਾਉਣ ਦਾ ਵੀ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਮੰਤਵ ਲਈ ਬਜਟ 'ਚ 100 ਕਰੋੜ ਰੁਪਏ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ 100 ਕਰੋੜ ਦੀ ਲਾਗਤ ਨਾਲ 3000 ਤੋਂ ਵੱਧ ਪਾੇਡੂ ਖੇਡ ਮੈਦਾਨ ਜੂਨ 2026 ਤੱਕ ਪੂਰੇ ਹੋ ਜਾਣਗੇ, ਜਦੋਂ ਕਿ 1000 ਇਨਡੋਰ ਜਿੰਮ 'ਤੇ ਵੀ ਕੰਮ ਅਪ੍ਰੈਲ 2026 ਤੱਕ ਪੂਰਾ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ 2026-27 ਬਜਟ ਵਿਚ ਵੀ ਖੇਡਾਂ ਲਈ 1791 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ | 'ਨਸ਼ਿਆਂ ਵਿਰੁੱਧ ਯੁੱਧ' ਲਈ ਵੀ 100 ਕਰੋੜ ਰੁਪਏ ਰੱਖੇ ਗਏ ਹਨ | ਵਿੱਤ ਮੰਤਰੀ ਨੇ ਸਦਨ 'ਚ ਵਿਧਾਇਕਾਂ ਰਾਹੀਂ ਹਲਕਾ ਪੱਧਰ 'ਤੇ ਵਿਕਾਸ ਲਈ ਫ਼ੰਡ ਪ੍ਰਤੀ ਹਲਕਾ 10 ਕਰੋੜ ਰੁਪਏ ਕਰਨ ਦੇ ਐਲਾਨ ਦਾ ਵੀ ਵਿਧਾਇਕਾਂ ਵਲੋਂ ਜ਼ੋਰਦਾਰ ਸਵਾਗਤ ਹੋਇਆ | ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ ਇਸ ਸਾਲ 1170 ਕਰੋੜ ਰੁਪਏ ਰੱਖੇ ਗਏ ਹਨ, ਜਦੋਂ ਕਿ ਮਗਰਲੇ ਸਾਲ 585 ਕਰੋੜ ਰੁਪਏ ਰੱਖੇ ਗਏ ਸਨ | ਵਿੱਤ ਮੰਤਰੀ ਵਲੋਂ ਸੂਬੇ 'ਚ 7 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਦਾਅਵਾ ਇਸ ਬਜਟ 'ਚ ਵੀ ਕੀਤਾ ਗਿਆ ਜਦੋਂਕਿ ਰਾਜ ਦੀ ਟਰਾਂਸਪੋਰਟ ਲਈ 1279 ਨਵੀਆਂ ਬੱਸਾਂ ਖ਼ਰੀਦਣ ਜਿਸ 'ਚੋਂ 670 ਪੀ.ਆਰ.ਟੀ.ਸੀ. ਤੇ 609 ਪਨਬੱਸ ਦੀਆਂ ਹੋਣਗੀਆਂ, ਦਾ ਵੀ ਐਲਾਨ ਕੀਤਾ ਗਿਆ | ਉਨ੍ਹਾਂ 2570 ਕਿਲੋਮੀਟਰ ਪਲਾਨ ਸੜਕਾਂ ਦੇ ਨਵੀਨੀਕਰਨ ਤੇ ਮੁਰੰਮਤ ਲਈ ਸਾਲ 2026-27 ਦੌਰਾਨ 1500 ਰੁਪਏ ਰੱਖਣ ਅਤੇ 31 ਪੁੱਲਾਂ ਦੇ ਕੰਮ ਨੂੰ ਪੂਰਾ ਕਰਨ ਲਈ 130 ਕਰੋੜ ਰੁਪਏ ਰੱਖਣ ਦਾ ਵੀ ਐਲਾਨ ਕੀਤਾ | ਵਿੱਤ ਮੰਤਰੀ ਨੇ ਦੱਸਿਆ ਕਿ ਸਿੰਜਾਈ ਨੈੱਟਵਰਕ ਦੀ ਲਾਇਨਿੰਗ ਨਵੀਨੀਕਰਨ ਤੇ ਸਫ਼ਾਈ ਨਾਲ ਨਹਿਰੀ ਪਾਣੀ ਦੀ ਵਰਤੋਂ 6.6 ਮਿਲੀਅਨ ਏਕੜ ਫ਼ੁੱਟ ਤੱਕ ਪੁੱਜ ਗਈ ਹੈ, ਜੋ ਕਿ ਸਾਲ 2026 ਦੌਰਾਨ 5.3 ਮਿਲੀਅਨ ਏਕੜ ਫ਼ੁੱਟ ਸੀ | ਉਨ੍ਹਾਂ ਦੱਸਿਆ ਕਿ ਸਿਹਤ ਖੇਤਰ ਲਈ ਸਾਲ 2026-27 ਲਈ 6879 ਕਰੋੜ ਰੁਪਏ ਰੱਖੇ ਗਏ ਹਨ ਅਤੇ ਇਸ ਵੇਲੇ ਜੋ 881 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਜਿਨ੍ਹਾਂ 'ਚੋਂ 565 ਪਿੰਡਾਂ ਤੇ 316 ਸ਼ਹਿਰੀ ਖੇਤਰ 'ਚ ਹਨ, ਪਰ ਆਉਂਦੇ ਵਿੱਤੀ ਸਾਲ ਦੌਰਾਨ 143 ਹੋਰ ਅਜਿਹੇ ਕਲੀਨਿਕ ਕੰਮ ਕਰਨਾ ਸ਼ੁਰੂ ਕਰ ਦੇਣਗੇ | ਸਰਕਾਰ ਵਲੋਂ 20 ਹਜ਼ਾਰ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਗਿਆ ਹੈ ਅਤੇ 99 ਪ੍ਰਤੀਸ਼ਤ ਸਰਕਾਰੀ ਸਕੂਲਾਂ ਦੀ ਚਾਰਦਵਾਰੀ ਕਰਵਾ ਦਿੱਤੀ ਗਈ ਹੈ | ਸਕੂਲਾਂ 'ਚ 10 ਹਜ਼ਾਰ ਪਖਾਨਿਆਂ ਦਾ ਵੀ ਨਿਰਮਾਣ ਕੀਤਾ ਗਿਆ ਹੈ ਅਤੇ 3 ਹਜ਼ਾਰ ਸੁਰੱਖਿਆ ਕਰਮੀ ਤਾਇਨਾਤ ਕਰਨ ਤੋਂ ਇਲਾਵਾ 6200 ਕਲਾਸ ਰੂਮਾਂ ਦਾ ਨਿਰਮਾਣ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 40,103 ਕਿਲੋਮੀਟਰ ਦਿਹਾਤੀ ਸੜਕਾਂ ਦੀ ਮੁਰੰਮਤ 12,597 ਕਰੋੜ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ ਅਤੇ 197 ਕਰੋੜ ਦੀ ਲਾਗਤ ਨਾਲ ਮੰਡੀਆਂ 'ਚ 664 ਕਵਰਡ ਸ਼ੈੱਡ ਵੀ ਉਸਾਰੀ ਅਧੀਨ ਹਨ, 36 ਮੰਡੀਆਂ 'ਚ 24 ਕਰੋੜ ਦੀ ਲਾਗਤ ਨਾਲ ਸੋਲਰ ਪਲਾਂਟ ਵੀ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮੇਰੀ ਰਸੋਈ ਸਕੀਮ ਅਧੀਨ ਮੁਫਤ ਦਾਲ, ਤੇਲ, ਖੰਡ ਆਦਿ ਦੇਣ ਲਈ ਵੀ ਬਜਟ 'ਚ 900 ਕਰੋੜ ਰੁਪਏ ਰੱਖੇ ਗਏ ਹਨ |
ਵਿੱਤੀ ਪ੍ਰਬੰਧਨ
ਵਿੱਤ ਮੰਤਰੀ ਨੇ ਦੱਸਿਆ ਕਿ ਰਾਜ ਦੀਆਂ ਸਾਲ 2026-27 ਲਈ ਕੁੱਲ ਮਾਲੀਆ ਪ੍ਰਾਪਤੀਆਂ 1,26,190 ਕਰੋੜ ਰੁਪਏ ਦੀਆਂ ਹਨ, ਜਿਸ ਵਿਚੋਂ ਰਾਜ ਦਾ ਆਪਣਾ ਕਰ ਮਾਲੀਆ 70,857 ਕਰੋੜ, ਗੈਰ-ਟੈਕਸ ਮਾਲੀਆ 15,687 ਕਰੋੜ ਅਤੇ ਕੇਂਦਰੀ ਕਰਾਂ 'ਚੋਂ ਹਿੱਸੇਦਾਰੀ 30,464 ਕਰੋੜ ਹੋਣ ਦਾ ਅਨੁਮਾਨ ਹੈ, ਜੋ ਚਾਲੂ ਵਿੱਤੀ ਸਾਲ ਨਾਲੋਂ 5293 ਕਰੋੜ ਦਾ ਵਾਧਾ ਹੈ | ਰਾਜ ਨੂੰ 9,188 ਕਰੋੜ ਦੀ ਕੇਂਦਰ ਤੋਂ ਗਰਾਂਟ-ਇਨ-ਏਡ ਵੀ ਮਿਲੇਗੀ | ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੂੰ ਪੰਜ ਸਾਲਾਂ ਦੌਰਾਨ ਆਬਕਾਰੀ ਤੋਂ 53,122 ਕਰੋੜ ਦੀ ਆਮਦਨ ਦਾ ਅਨੁਮਾਨ ਹੈ ਜਦੋਂ ਕਿ ਮਗਰਲੀ ਕਾਂਗਰਸ ਸਰਕਾਰ ਨੂੰ ਇਸ ਸਮੇਂ ਦੌਰਾਨ 27,934 ਕਰੋੜ ਦੀ ਆਮਦਨ ਹੋਈ ਸੀ | ਇਸੇ ਤਰ੍ਹਾਂ ਮੌਜੂਦਾ ਸਰਕਾਰ ਦੀ ਅਸ਼ਟਾਮ ਤੇ ਰਜਿਸਟ੍ਰੇਸ਼ਨ ਤੋਂ ਪੰਜ ਸਾਲ ਦੀਆਂ ਪ੍ਰਾਪਤੀਆਂ ਦਾ 30,367 ਕਰੋੜ ਦਾ ਅਨੁਮਾਨ ਹੈ | ਜਦੋਂ ਕਿ ਮਗਰਲੀ ਕਾਂਗਰਸ ਸਰਕਾਰ ਦੀ ਇਹ ਆਮਦਨ 12,469 ਕਰੋੜ ਸੀ | ਉਨ੍ਹਾਂ ਕਿਹਾ ਕਿ ਬੋਰਡਾਂ ਤੇ ਨਿਗਮਾਂ ਦੀ ਗਰੰਟੀਆਂ ਲਈ ਅਚਨਚੇਤ ਪੈਦਾ ਹੋਣ ਵਾਲੀਆਂ ਦੇਣਦਾਰੀਆਂ ਲਈ ਬਣਾਏ ਸੂਬਾ ਕੰਸਾਲੀਡੇਟਡ ਸਿੰਕਿੰਗ ਫ਼ੰਡ 'ਚ ਜੋ 2021-22 ਦੌਰਾਨ 3027 ਕਰੋੜ ਦੀ ਰਾਸ਼ੀ ਸੀ ਉਹ ਹੁਣ 11,720 ਕਰੋੜ 'ਤੇ ਪੁੱਜ ਗਈ ਹੈ | ਉਨ੍ਹਾਂ ਕਿਹਾ ਕਿ ਮਗਰਲੇ 4 ਸਾਲ ਦੌਰਾਨ ਸਾਡੀ ਸਰਕਾਰ ਦਾ ਪੂੰਜੀਗਤ ਖਰਚਾ ਜੋ 32,353 ਕਰੋੜ ਹੈ, ਮਗਰਲੀ ਸਰਕਾਰ ਮੁਕਾਬਲੇ ਦੋ ਗੁਣਾ ਹੈ | ਉਨ੍ਹਾਂ ਕਿਹਾ ਕਿ 31 ਮਾਰਚ 2022 ਨੂੰ ਕਰਜ਼ਾ ਜੀ.ਐਸ.ਡੀ.ਪੀ. ਅਨੁਪਾਤ ਜੋ 48.25 ਪ੍ਰਤੀਸ਼ਤ ਸੀ, 31 ਜਨਵਰੀ 2026 ਨੂੰ ਘੱਟ ਕੇ 44.47 ਪ੍ਰਤੀਸ਼ਤ ਹੋ ਗਿਆ, ਜੋ ਆਰਥਿਕ ਸੁਧਾਰ ਦਾ ਸੂਚਕ ਹੈ | ਵਿੱਤ ਮੰਤਰੀ ਦੱਸਿਆ ਕਿ ਸਾਲ 2026-27 ਲਈ ਰਾਜ ਦਾ ਕੁੱਲ ਘਰੇਲੂ ਉਤਪਾਦ 9,80,635 ਕਰੋੜ 'ਤੇ ਪੱੁਜ ਜਾਣ ਦਾ ਅਨੁਮਾਨ ਹੈ ਜੋ ਕਿ 10 ਪ੍ਰਤੀਸ਼ਤ ਦਾ ਵਾਧਾ ਦਰ ਦਰਸਾਉਂਦਾ ਹੈ | ਉਨ੍ਹਾਂ ਦੱਸਿਆ ਕਿ ਰਾਜ ਦਾ ਵਿੱਤੀ ਘਾਟਾ 39970.65 ਕਰੋੜ ਅਰਥਾਤ ਜੀ.ਐਸ.ਡੀ.ਪੀ. ਦਾ 4.08 ਪ੍ਰਤੀਸ਼ਤ ਹੈ ਜਦੋਂ ਕਿ ਮਾਲੀ ਘਾਟਾ 21955.18 ਕਰੋੜ ਜੋ ਕਿ ਜੀ.ਐਸ.ਡੀ.ਪੀ. ਦਾ 2.24 ਪ੍ਰਤੀਸ਼ਤ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਰਾਜ ਸਿਰ ਕੁੱਲ ਅਨੁਮਾਨਿਤ ਕਰਜ਼ਾ 2026-27 'ਚ 4,47,754.78 ਕਰੋੜ 'ਤੇ ਪੁੱਜ ਜਾਵੇਗਾ ਜੋ ਕਿ 2025-26 ਦੇ ਸੋਧੇ ਅਨੁਮਾਨ ਅਨੁਸਾਰ 4,07784.13 ਕਰੋੜ ਹੈ |
ਆਉਂਦੇ ਵਿੱਤੀ ਸਾਲ ਲਈ ਰਾਜ ਵਲੋਂ 442604 ਕਰੋੜ ਦਾ ਕਰਜ਼ਾ ਚੁੱਕਿਆ ਜਾਵੇਗਾ ਜਦੋਂ ਕਿ ਚਾਲੂ ਸਾਲ ਦੌਰਾਨ 402634 ਕਰੋੜ ਦਾ ਕਰਜ਼ਾ ਚੁੱਕਿਆ ਜਾ ਰਿਹਾ ਹੈ | ਸਾਲ 2026-27 ਲਈ ਰਾਜ ਦੀ ਆਪਣੇ ਟੈਕਸਾਂ ਰਾਹੀਂ ਆਮਦਨ ਵਿਚੋਂ 45 ਪ੍ਰਤੀਸ਼ਤ ਹਿੱਸਾ ਜੀ.ਐਸ.ਟੀ. ਅਰਥਾਤ 32000 ਕਰੋੜ, ਵੈਟ ਰਾਹੀਂ 11 ਪ੍ਰਤੀਸ਼ਤ ( 8200 ਕਰੋੜ), ਸੂਬੇ ਦੀ ਆਬਕਾਰੀ 18 ਪ੍ਰਤੀਸ਼ਤ (12,800 ਕਰੋੜ), ਵਾਹਨਾਂ 'ਤੇ ਟੈਕਸਾਂ ਰਾਹੀਂ 4700 ਕਰੋੜ (7 ਪ੍ਰਤੀਸ਼ਤ), ਅਸ਼ਟਾਮ ਤੇ ਰਜਿਸਟ੍ਰੇਸ਼ਨ 9000 ਕਰੋੜ (13 ਪ੍ਰਤੀਸ਼ਤ), ਬਿਜਲੀ ਡਿਊਟੀ 3516 ਕਰੋੜ (8 ਪ੍ਰਤੀਸ਼ਤ) ਤੋਂ ਪ੍ਰਾਪਤ ਹੋਣਗੇ | ਰਾਜ ਦੀਆਂ ਮਾਲੀ ਪ੍ਰਾਪਤੀਆਂ ਵਿਚ ਰਾਜ ਦੇ ਆਪਣੇ ਟੈਕਸਾਂ ਦੀ ਆਮਦਨ ਦਾ ਹਿੱਸਾ 70851 ਕਰੋੜ (56 ਪ੍ਰਤੀਸ਼ਤ), ਕੇਂਦਰੀ ਟੈਕਸਾਂ ਦਾ ਹਿੱਸਾ 24 ਪ੍ਰਤੀਸ਼ਤ (30464 ਕਰੋੜ), ਸੂਬੇ ਦੇ ਆਪਣੇ ਗੈਰ-ਕਰਾਂ ਤੋਂ ਆਮਦਨ ਦਾ ਹਿੱਸਾ 15,687 ਕਰੋੜ (13 ਪ੍ਰਤੀਸ਼ਤ), ਕੇਂਦਰ ਤੋਂ ਗ੍ਰਾਂਟਾਂ 9189 ਕਰੋੜ (7 ਪ੍ਰਤੀਸ਼ਤ) ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਸਾਰੇ ਚੋਣ ਵਾਅਦੇ ਕੀਤੇ ਪੂਰੇ-ਮੁੱਖ ਮੰਤਰੀ ਅਗਲੀ ਖ਼ਬਰ 'ਆਪ' ਸਰਕਾਰ ਖ਼ਿਲਾਫ਼ ਵਿਧਾਨ ਸਭਾ ਨੇੜੇ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ
Ad Position 24