ਖੁਰਾਕ ਸੁਰੱਖਿਆ ਅਤੇ ਸਮਾਜ ਭਲਾਈ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਲਗਭਗ 40 ਲੱਖ ਪਰਿਵਾਰਾਂ ਨੂੰ ਮੁਫ਼ਤ ਤਿਮਾਹੀ ਜ਼ਰੂਰੀ ਰਾਸ਼ਨ ਕਿੱਟਾਂ ਪ੍ਰਦਾਨ ਕਰਨ ਲਈ 900 ਕਰੋੜ ਰੁਪਏ ਦੀ ਅਲਾਟਮੈਂਟ ਨਾਲ 'ਮੇਰੀ ਰਸੋਈ' ਯੋਜਨਾ ਸ਼ੁਰੂ ਕੀਤੀ ਹੈ | ਉਨ੍ਹਾਂ ਅੱਗੇ ਕਿਹਾ ਕਿ 10 ਲੱਖ ਹੋਰ ਲਾਭਪਾਤਰੀਆਂ ਲਈ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ | ਲਗਭਗ 7500 ਡਿਪੂਆਂ ਦੀ ਅਲਾਟਮੈਂਟ ਰਾਹੀਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ | ਉਨ੍ਹਾਂ ਅੱਗੇ ਦੱਸਿਆ ਕਿ ਸਮਾਜ ਭਲਾਈ ਅਤੇ ਨਿਆਂ ਖੇਤਰ ਨੂੰ 18,304 ਕਰੋੜ ਰੁਪਏ ਦੀ ਅਲਾਟਮੈਂਟ ਪ੍ਰਾਪਤ ਹੋਈ ਹੈ, ਜਿਸ ਵਿਚ ਮਾਸਿਕ ਵਿੱਤੀ ਸਹਾਇਤਾ ਪੈਨਸ਼ਨਾਂ ਲਈ 6,150 ਕਰੋੜ ਰੁਪਏ ਅਤੇ ਅਨੁਸੂਚਿਤ ਜਾਤੀ ਉਪ-ਯੋਜਨਾ ਅਧੀਨ 17,700 ਕਰੋੜ ਰੁਪਏ ਸ਼ਾਮਿਲ ਹਨ |