ਯੇਰੂਸ਼ਲਮ, 1 ਅਪ੍ਰੈਲ (ਏਜੰਸੀ)-ਇਜ਼ਰਾਈਲ ਦੀ ਇਕ ਪ੍ਰਸਿੱਧ ਛੋਟੇ ਹਥਿਆਰ ਬਣਾਉਣ ਵਾਲੀ ਕੰਪਨੀ ਨੇ 'ਮੇਕ ਇਨ ਇੰਡੀਆ' ਪਹਿਲ ਤਹਿਤ ਟੈਕਨਾਲੋਜੀ ਟਰਾਂਸਫਰ ਦੇ ਨਾਲ ਭਾਰਤ ਨੂੰ ਲਾਈਟ ਮਸ਼ੀਨ ਗੰਨ ਦੀ ਪਹਿਲੀ ਖੇਪ ਸੌਂਪ ਦਿੱਤੀ ਹੈ | ਇਜ਼ਰਾਈਲ ਵੈਪਨਜ਼ ਇੰਡਸਟ੍ਰੀਜ਼ ਨੇ ਹਾਲ ਹੀ 'ਚ ਇਕ ਪ੍ਰੈਸ ਬਿਆਨ 'ਚ ਦੱਸਿਆ ਕਿ 41,000 ਯੂਨਿਟਾਂ ਦੇ ਇਕ ਵੱਡੇ ਕਰਾਰ ਦੇ ਹਿੱਸੇ ਦੇ ਤੌਰ 'ਤੇ 2000 ਐਨ. ਈ. ਜੀ. ਈ.ਵੀ. 7.62*51 ਐਲ. ਐਮ.ਜੀਜ਼ ਦੀ ਪਹਿਲੀ ਖੇਪ ਪਿਛਲੇ ਹਫ਼ਤੇ ਦੇ ਅੰਤ 'ਚ ਸੌਂਪੀ ਗਈ ਅਤੇ 4,000 ਹੋਰ ਯੂਨਿਟਾਂ ਇਸ ਸਾਲ ਦੇ ਅਖੀਰ 'ਚ ਸੌਂਪੀਆਂ ਜਾਣੀਆਂ ਹਨ | ਇਹ ਸਪਲਾਈ ਪੀ. ਐਲ.ਆਰ. ਸਿਸਟਮਜ਼ ਵਲੋਂ ਕੀਤੀ ਗਈ, ਜੋ ਆਈ. ਡਬਲਯੂ. ਆਈ. ਅਤੇ ਅਡਾਨੀ ਗਰੁੱਪ ਦਾ ਇਕ ਸਾਂਝਾ ਉਦਮ ਹੈ | ਇਹ ਭਾਰਤ ਦੀ ਪਹਿਲੀ ਨਿੱਜੀ ਕੰਪਨੀ ਹੈ ਜੋ ਛੋਟੇ ਹਥਿਆਰ ਅਤੇ ਗੋਲਾ ਬਾਰੂਦ ਬਣਾਉਂਦੀ ਹੈ | ਕੰਪਨੀ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤ ਦੀ 'ਮੇਕ ਇਨ ਇੰਡੀਆ' ਪਹਿਲ ਤਹਿਤ ਟੈਕਨਾਲੋਜੀ ਟਰਾਂਸਫਰ ਪ੍ਰਕਿਰਿਆ ਦੇ ਸਫਲ ਪੂਰਾ ਹੋਣ ਦੇ ਬਾਅਦ ਮਿਲੀ ਹੈ ਤੇ ਇਹ ਕਰਾਰ ਦੇ ਨਿਰਧਾਰਤ ਅਤੇ ਉਚ ਦਰਜੇ ਦੇ ਗੁਣਵੱਤਾ ਮਾਪਦੰਡਾਂ ਅਨੁਸਾਰ ਉਨਤ ਪ੍ਰਣਾਲੀ ਦੇਣ ਪ੍ਰਤੀ ਆਈ. ਡਬਲਯੂ. ਆਈ. ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਨਾਲ ਹੀ ਇਹ ਭਾਰਤ ਦੇ ਡਿਫੈਂਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਵੀ ਸਮਰਥਨ ਦਿੰਦੀ ਹੈ |