ਸ਼੍ਰੋਮਣੀ ਕਮੇਟੀ ਨੂੰ ਸਜ਼ਾ ਤਬਦੀਲੀ ਵਾਲੀ 14 ਸਾਲ ਪਹਿਲਾਂ ਦਾਖਲ ਕੀਤੀ ਪਟੀਸ਼ਨ 10 ਦਿਨਾਂ ਅੰਦਰ ਵਾਪਸ ਲੈਣ ਦਾ ਆਦੇਸ਼ ਜਾਰੀ ਕਰਨ ਦੀ ਕੀਤੀ ਅਪੀਲ
ਅੰਮਿ੍ਤਸਰ, 1 ਅਪ੍ਰੈਲ (ਜਸਵੰਤ ਸਿੰਘ ਜੱਸ)-ਕੇਂਦਰੀ ਜੇਲ੍ਹ ਪਟਿਆਲਾ ਦੀ ਕੋਠੀ ਨੰਬਰ 16 ਵਿਖੇ ਲੰਬੇ ਅਰਸੇ ਤੋਂ ਫਾਂਸੀ ਦੀ ਕੋਠੜੀ ਵਿਚ ਨਜ਼ਰਬੰਦ, ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ 14 ਵਰਿ੍ਹਆਂ ਤੋਂ ਦਾਇਰ ਕੀਤੀ ਪਟੀਸ਼ਨ ਨੂੰ 10 ਦਿਨਾਂ ਦੇ ਅੰਦਰ ਵਾਪਸ ਲੈਣ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ | ਜਥੇਦਾਰ ਗੜਗੱਜ ਨੂੰ ਬੀਤੀ 27 ਮਾਰਚ ਨੂੰ ਲਿਖੇ ਪੰਜ ਸਫਿਆਂ ਦੇ ਵਿਸਥਾਰਤ ਪੱਤਰ ਵਿਚ ਭਾਈ ਰਾਜੋਆਣਾ ਨੇ ਕਿਹਾ ਕਿ 14 ਸਾਲ ਪਹਿਲਾਂ ਸਾਲ 2012 ਵਿਚ ਅਕਾਲ ਤਖ਼ਤ ਸਾਹਿਬ ਦੀ ਹਦਾਇਤ 'ਤੇ ਹੀ ਸ਼੍ਰੋਮਣੀ ਕਮੇਟੀ ਵਲੋਂ ਉਕਤ ਸਜ਼ਾ ਤਬਦੀਲੀ ਲਈ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਗਈ ਸੀ | ਉਨ੍ਹਾਂ ਪੱਤਰ ਵਿਚ ਲਿਖਿਆ ਕਿ ਮੈਨੂੰ ਜੇਲ੍ਹ ਵਿਚ 31ਵਾਂ ਸਾਲ ਚੱਲ ਰਿਹਾ ਹੈ ਤੇ ਮੈਂ ਪਿਛਲੇ ਤਕਰੀਬਨ 19 ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੈਠਾ ਆਪਣੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ | ਉਨ੍ਹਾਂ ਕਿਹਾ ਕਿ 25 ਮਾਰਚ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸ਼੍ਰੋਮਣੀ ਕਮੇਟੀ ਵਲੋਂ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਾਉਣ ਲਈ ਦੇਸ਼ ਦੇ ਰਾਸ਼ਟਰਪਤੀ ਕੋਲ ਪਾਈ ਹੋਈ ਅਪੀਲ ਨੂੰ ਕੇਂਦਰੀ ਗਿ੍ਹ ਮੰਤਰਾਲੇ ਕੋਲ ਵਿਚਾਰ ਅਧੀਨ ਪਈ ਹੋਈ ਨੂੰ 15ਵਾਂ ਸਾਲ ਸ਼ੁਰੂ ਹੋ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਰਾਸ਼ਟਰਪਤੀ ਕੋਲ ਪਾਈ ਹੋਈ ਕਿਸੇ ਵੀ ਅਪੀਲ 'ਤੇ ਛੇ ਮਹੀਨੇ ਤੋਂ ਲੈ ਕੇ ਵੱਧ ਤੋਂ ਵੱਧ ਦੋ ਸਾਲਾਂ ਵਿਚ ਫ਼ੈਸਲਾ ਹੋ ਜਾਂਦਾ ਹੈ ਪਰ ਅਫਸੋਸ ਕਿ ਇਸ ਅਪੀਲ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਣਬੁੱਝ ਕੇ ਕਿਸੇ ਸਾਜਿਸ਼ ਅਤੇ ਵੋਟ ਰਾਜਨੀਤੀ ਨੂੰ ਮੁੱਖ ਰੱਖ ਕੇ ਫ਼ੈਸਲਾ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਡੀ ਅਫਸੋਸ ਦੀ ਗੱਲ ਇਹ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਪਿਛਲੇ ਤਕਰੀਬਨ ਛੇ ਸਾਲਾਂ ਵਿਚ 15 ਦੇ ਕਰੀਬ ਆਰਡਰ ਕਰਕੇ ਕੇਂਦਰ ਸਰਕਾਰ ਨੂੰ ਇਸ ਅਪੀਲ 'ਤੇ ਫ਼ੈਸਲਾ ਕਰਨ ਲਈ ਕਹਿ ਚੁੱਕੀ ਹੈ ਪਰ ਛੇ ਸਾਲਾਂ ਤੋਂ ਨਾ ਤਾਂ ਸੁਪਰੀਮ ਕੋਰਟ ਕੇਂਦਰ ਸਰਕਾਰ ਤੋਂ ਇਸ ਅਪੀਲ 'ਤੇ ਨਾ ਫ਼ੈਸਲਾ ਹੀ ਕਰਵਾ ਸਕੀ ਹੈ ਤੇ ਨਾ ਹੀ ਆਪਣੇ ਕੀਤੇ ਆਰਡਰ ਲਾਗੂ ਕਰਵਾ ਸਕੀ ਹੈ | ਭਾਈ ਰਾਜੋਆਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਦਾਖਲ ਅਪੀਲ ਦੀ ਪੈਰਵਾਈ ਕਰਨ ਲਈ ਅਤੇ ਇਸ 'ਤੇ ਫ਼ੈਸਲਾ ਕਰਵਾਉਣ ਲਈ ਅਕਾਲ ਤਖਤ ਸਾਹਿਬ ਵਲੋਂ ਦਸੰਬਰ 2023 ਨੂੰ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਸ਼ਾਮਿਲ ਸਨ ਪਰ ਅੱਜ ਦੋ ਸਾਲਾਂ ਤੋਂ ਵੱਧ ਸਮਾਂ ਹੋ ਜਾਣ ਦੇ ਬਾਵਜੂਦ ਦੇਸ਼ ਦੇ ਹੁਕਮਰਾਨਾਂ ਨੇ ਉਸ ਕਮੇਟੀ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਡੀਆਂ ਮਹਾਨ ਸੰਸਥਾਵਾਂ ਦਾ ਅਪਮਾਨ ਹੈ | ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਖਾਲਸਾ ਸਾਜਨਾ ਦਿਵਸ 'ਤੇ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਨੂੰ ਇਸ ਅਪੀਲ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕੀਤੇ ਜਾਣ ਅਤੇ ਇਸ ਪ੍ਰਕਿਰਿਆ ਨੂੰ 10 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਵੇ ਅਤੇ ਹੁਕਮਰਾਨਾਂ ਵਲੋਂ ਕੀਤੀ ਜਾ ਰਹੀ ਬੇਇਨਸਾਫੀ 'ਤੇ ਇਤਿਹਾਸ ਦੀ ਮੋਹਰ ਲਗਾਈ ਜਾਵੇ |
ਅਕਾਲ ਤਖ਼ਤ ਸਕੱਤਰੇਤ ਤੇ ਪ੍ਰਧਾਨ ਸ਼ੋ੍ਰਮਣੀ ਕਮੇਟੀ ਵਲੋਂ ਪੱਤਰ ਮਿਲਣ ਦੀ ਪੁਸ਼ਟੀ
ਇਸੇ ਦੌਰਾਨ ਸੰਪਰਕ ਕੀਤੇ ਜਾਣ 'ਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਦੱਸਿਆ ਕਿ ਭਾਈ ਰਾਜੋਆਣਾ ਦਾ ਉਕਤ ਪੱਤਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੀਤੇ ਦਿਨੀਂ ਮਿਲਿਆ ਹੈ ਤੇ ਉਨ੍ਹਾਂ ਵਲੋਂ ਆਉਂਦੇ ਦਿਨਾਂ ਵਿਚ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਇਸੇ ਦੌਰਾਨ ਭਾਈ ਰਾਜੋਆਣਾ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਉਕਤ ਪੱਤਰ ਦੀ ਕਾਪੀ ਭੇਜੀ ਗਈ ਹੈ |
ਭਾਈ ਰਾਜੋਆਣਾ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ
ਅਜੀਤ ਡੈਸਕ
02-04-2026