13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਚੰਡੀਗੜ੍ਹ 'ਚ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਬਾਹਰ ਧਮਾਕਾ

Ad Position 21
No active advertisement
ਅਜੀਤ ਡੈਸਕ 02-04-2026

2 ਸ਼ੱਕੀਆਂ ਦੀ ਭਾਲ 'ਚ ਜੁਟੀਆਂ ਏਜੰਸੀਆਂ
ਚੰਡੀਗੜ੍ਹ, 1 ਅਪ੍ਰੈਲ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-37 ਏ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਬਾਹਰ ਬੁੱਧਵਾਰ ਸ਼ਾਮ ਲਗਭਗ 5 ਵਜੇ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ | ਧਮਾਕੇ ਕਾਰਨ ਪਾਰਕਿੰਗ ਵਿਚ ਖੜ੍ਹੀਆਂ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ, ਜਦਕਿ ਦਫ਼ਤਰ ਦੀ ਕੰਧ 'ਤੇ ਕਈ ਛੱਰਿ੍ਹਆਂ ਵਰਗੇ ਨਿਸ਼ਾਨ ਵੀ ਬਣ ਗਏ | ਧਮਾਕੇ ਦੀ ਸੂਚਨਾ ਮਿਲਦੇ ਹੀ ਪਹਿਲਾਂ ਡੀ.ਐਸ.ਪੀ. ਧੀਰਜ ਕੁਮਾਰ ਦੀ ਅਗਵਾਈ ਹੇਠ ਥਾਣਾ ਸੈਕਟਰ-39 ਦੀ ਪੁਲਿਸ ਅਤੇ ਆਪਰੇਸ਼ਨ ਸੈੱਲ ਸਮੇਤ ਵੱਖ-ਵੱਖ ਟੀਮਾਂ ਫੌਰੀ ਤੌਰ 'ਤੇ ਮੌਕੇ 'ਤੇ ਪਹੁੰਚ ਗਈਆਂ | ਇਸ ਦੇ ਨਾਲ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਬੁਲਾ ਲਿਆ ਗਿਆ | ਇਸ ਤੋਂ ਇਲਾਵਾ ਫੌਜ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਦੀਆਂ ਟੀਮਾਂ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ | ਬੰਬ ਨਿਰੋਧਕ ਦਸਤੇ, ਡੌਗ ਸਕੂਐਡ ਅਤੇ ਕੇਂਦਰੀ ਫੋਰੈਂਸਿਕ ਸਾਇੰਸ ਲੈਬੋਰੇਟਰੀ ਮਾਹਿਰਾਂ ਵਲੋਂ ਸਾਰੇ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਵਿਸਫੋਟਕ ਪਦਾਰਥ ਦੇ ਅਵਸ਼ੇਸ਼ਾਂ ਨੂੰ ਜਾਂਚ ਲਈ ਇਕੱਠਾ ਕੀਤਾ ਗਿਆ | ਇਸ ਘਟਨਾ ਨਾਲ ਸੰਬੰਧਿਤ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਜਿਸ ਨੇ ਗੱਲ ਵਿਚ ਕੇਸਰੀ ਪਰਨਾ ਪਾਇਆ ਹੋਇਆ ਹੈ, ਨੂੰ ਗ੍ਰੇਨੇਡ ਦੀ ਪਿੰਨ ਕੱਢ ਕੇ ਸੁੱਟਦੇ ਅਤੇ ਮੌਕੇ ਤੋਂ ਭੱਜਦੇ ਹੋਏ ਵੇਖਿਆ ਜਾ ਸਕਦਾ ਹੈ | ਵੀਡੀਓ 'ਚ ਧਮਾਕੇ ਦੀ ਆਵਾਜ਼ ਵੀ ਸਾਫ਼ ਸੁਣਾਈ ਦਿੰਦੀ ਹੈ | ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਅਧਿਕਾਰਕ ਤੌਰ 'ਤੇ ਨਹੀਂ ਕੀਤੀ ਗਈ | ਪੁਲਿਸ ਨੂੰ ਸੀ. ਸੀ. ਟੀ. ਵੀ. ਫੁਟੇਜ 'ਚ ਦੋ ਸ਼ੱਕੀ ਵਿਅਕਤੀ ਨਜ਼ਰ ਆਏ ਹਨ, ਜੋ ਕਿ ਮੋਟਰਸਾਈਕਲ 'ਤੇ
ਦਫ਼ਤਰ ਦੇ ਆਸ-ਪਾਸ ਘੁੰਮਦੇ ਵੇਖੇ ਗਏ ਹਨ | ਦੋਹਾਂ ਦੀ ਤਲਾਸ਼ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ | ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ( ਏ. ਜੀ. ਟੀ. ਐਫ.) ਵੀ ਜਾਂਚ ਵਿਚ ਸ਼ਾਮਿਲ ਹੋ ਗਈ ਹੈ | ਚੰਡੀਗੜ੍ਹ ਦੀ ਐਸ. ਐਸ. ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਭਾਜਪਾ ਦੇ ਪੰਜਾਬ ਦਫ਼ਤਰ 'ਤੇ ਧਮਾਕਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਧਮਾਕਾ ਕਿਸ ਨੇ ਅਤੇ ਕਿਉਂ ਕੀਤਾ ਜਾਂ ਕਿਸ ਤਰ੍ਹਾਂ ਦੇ ਵਿਸਫੋਟਕ ਦੀ ਵਰਤੋਂ ਕੀਤੀ ਗਈ | ਧਮਾਕੇ ਤੋਂ ਬਾਅਦ ਚੰਡੀਗੜ੍ਹ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ | ਫ਼ਿਲਹਾਲ ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਵਿਸਫੋਟਕ ਪਦਾਰਥ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |
ਖ਼ਾਲਿਸਤਾਨ ਸਮਰਥਕ ਸੁਖਜਿੰਦਰ ਸਿੰਘ ਬੱਬਰ ਨੇ ਲਈ ਜ਼ਿੰਮੇਵਾਰੀ
ਚੰਡੀਗੜ੍ਹ ਦੇ ਸੈਕਟਰ 37 ਸਥਿਤ ਭਾਜਪਾ ਦਫ਼ਤਰ ਬਾਹਰ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਖ਼ਾਲਿਸਤਾਨ ਸਮਰਥਕ ਸੁਖਜਿੰਦਰ ਸਿੰਘ ਬੱਬਰ ਨੇ ਲਈ ਹੈ | ਇਸ ਸੰਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ | ਜਿਸ ਵਿਚ ਲਿਖਿਆ ਗਿਆ ਹੈ ਕਿ
''ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ |

ਚੰਡੀਗੜ੍ਹ 37 ਸੈਕਟਰ ਵਿਚ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਸੁਖਜਿੰਦਰ ਸਿੰਘ ਬੱਬਰ ਲੈਂਦਾ ਹੈ, ਅਸੀਂ ਭਾਰਤੀ ਸਿਸਟਮ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਸਿੱਖ ਨੌਜਵਾਨ ਨੂੰ ਖ਼ਤਮ ਕਰਨ ਲਈ ਜਿੰਨੇ ਮਰਜ਼ੀ ਹੱਥਕੰਡੇ ਵਰਤੋਂ ਦਸਮੇਸ਼ ਪਿਤਾ ਦਾ ਖ਼ਾਲਸਾ ਪੰਥ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ | ਗੁਰਦਾਸਪੁਰ ਵਿਚ ਰਣਜੀਤ ਸਿੰਘ ਦੇ ਕਾਤਲਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਦਸਮੇਸ਼ ਪਿਤਾ ਦਾ ਸਾਡੇ ਸਿਰ 'ਤੇ ਹੱਥ ਹੈ, ਪੰਜਾਬ ਦੀ ਧਰਤੀ ਖ਼ਾਲਸੇ ਦੀ ਧਰਤੀ ਹੈ ਪੰਜਾਬ ਵਿਚ ਖ਼ਾਲਿਸਤਾਨ ਹੀ ਬਣੇਗਾ |
ਖ਼ਾਲਿਸਤਾਨ ਜ਼ਿੰਦਾਬਾਦ | ''

ਉਕਤ ਪੋਸਟ ਦੀ ਪੁਸ਼ਟੀ ਅਦਾਰਾ 'ਅਜੀਤ' ਨਹੀਂ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਰਾਬਰ ਵਿਕਾਸ ਯਕੀਨੀ ਬਣਾਉਣ ਲਈ ਪਹਿਲੀ ਵਾਰ ਜਾਤ ਆਧਾਰਤ ਸਮਾਜਿਕ-ਆਰਥਿਕ ਸਰਵੇਖਣ ਕਰਵਾਇਆ ਜਾਵੇਗਾ-ਮੁੱਖ ਮੰਤਰੀ ਅਗਲੀ ਖ਼ਬਰ ਭਾਈ ਰਾਜੋਆਣਾ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਪੱਤਰ
Ad Position 24