13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਭਾਜਪਾ 'ਚ ਸ਼ਾਮਿਲ ਹੋਏ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ

Ad Position 21
No active advertisement
ਅਜੀਤ ਡੈਸਕ 02-04-2026
ਨਵੀਂ ਦਿੱਲੀ, 1 ਅਪ੍ਰੈਲ (ਜਗਤਾਰ ਸਿੰਘ)-'ਭਾਜਪਾ ਤੋਂ ਵਧੀਆ ਕੋਈ ਪਾਰਟੀ ਨਹੀਂ ਅਤੇ ਮੇਰਾ ਸ਼ੁਰੂ ਤੋਂ ਹੀ ਭਾਜਪਾ ਨਾਲ ਨੇੜਲਾ ਰਿਸ਼ਤਾ ਰਿਹਾ ਹੈ' | ਇਹ ਗੱਲ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਅੱਜ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਆਖੀ ਤੇ ਨਾਲ ਹੀ ਇਹ ਦਾਅਵਾ ਵੀ ਕੀਤਾ ਕਿ ਭਵਿੱਖ 'ਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਤੋਂ ਪਹਿਲਾਂ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਡਵੋਕੇਟ ਫੂਲਕਾ ਨੂੰ ਭਾਜਪਾ 'ਚ ਸ਼ਾਮਿਲ ਕੀਤਾ | ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਆਰ.ਪੀ. ਸਿੰਘ ਤੇ ਹੋਰ ਭਾਜਪਾ ਆਗੂ ਵੀ ਮੌਜੂਦ ਸਨ | ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਐਡਵੋਕੇਟ ਫੂਲਕਾ ਨੇ ਬਿਨਾਂ ਕਿਸੇ ਸਵਾਰਥ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕਈ ਲੜਾਈਆਂ ਲੜੀਆਂ ਹਨ ਤੇ ਫੂਲਕਾ ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਚਰਚਿਤ ਸਿੱਖ ਚਿਹਰੇ ਹਨ | ਉਨ੍ਹਾਂ ਕਿਹਾ ਕਿ 1984 ਦੀਆਂ ਘਟਨਾਵਾਂ ਇਕ ਯੋਜਨਾਬੱਧ ਨਸਲਕੁਸ਼ੀ ਸੀ, ਜਿਸ ਲਈ ਕਾਂਗਰਸ ਨੇ ਅਜੇ ਤੱਕ ਢੰਗ ਨਾਲ ਮੁਆਫ਼ੀ ਨਹੀਂ ਮੰਗੀ | ਉਨ੍ਹਾਂ ਕਿਹਾ ਕਿ ਪਾਰਟੀ 'ਚ ਫੂਲਕਾ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ | ਪਾਰਟੀ 'ਚ ਸ਼ਾਮਿਲ ਹੋਣ ਤੋਂ ਬਾਅਦ ਐਡਵੋਕੇਟ ਫੂਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦਾ ਧੰਨਵਾਦ ਕੀਤਾ | ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਐਡਵੋਕੇਟ ਫੂਲਕਾ ਨੇ ਕਿਹਾ ਕਿ 2 ਨਵੰਬਰ 1984 ਮੇਰੇ ਜੀਵਨ ਦਾ ਸਭ ਤੋਂ ਭਿਆਨਕ ਦਿਨ ਸੀ, ਜਦੋਂ ਮੇਰੇ ਘਰ 'ਤੇ ਹਮਲਾ ਹੋਇਆ | ਮੇਰੀ ਪਤਨੀ ਗਰਭਵਤੀ ਸੀ ਅਤੇ ਮੇਰੀ ਜਾਨ ਬਚਾਉਣ ਲਈ ਭੱਜ ਰਹੀ ਸੀ | ਫੂਲਕਾ ਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਕਤਲੇਆਮ ਦੇ ਪੀੜਤਾਂ ਲਈ ਲੜ ਰਹੇ ਹਨ ਤੇ ਭਾਜਪਾ ਨੇ ਉਦੋਂ ਤੋਂ ਹੀ ਮੇਰਾ ਸਮਰਥਨ ਕੀਤਾ ਹੈ ਅਤੇ ਮੈਂ ਭਾਜਪਾ ਨਾਲ ਰਲ ਕੇ ਹੀ ਸਾਰੀਆਂ ਲੜਾਈਆਂ ਲੜੀਆਂ ਅਤੇ ਭਾਜਪਾ ਲਈ ਕਾਫ਼ੀ ਕਾਨੂੰਨੀ ਕੰਮ ਵੀ ਕੀਤਾ | ਫੂਲਕਾ ਨੇ ਕਿਹਾ ਕਿ ਉਹ 2014 ਤੋਂ 2017 ਤੱਕ ਤਿੰਨ ਸਾਲ ਆਮ ਆਦਮੀ ਪਾਰਟੀ 'ਚ ਸੀ, ਪਰ ਸ਼ੁਰੂ ਤੋਂ ਹੀ ਉਨ੍ਹਾਂ ਦਾ ਭਾਜਪਾ ਨਾਲ ਨੇੜਲਾ ਰਿਸ਼ਤਾ ਰਿਹਾ | ਉਨ੍ਹਾਂ ਕਿਹਾ ਕਿ ਉਹ ਪੰਜਾਬ ਲਈ ਰਾਜਨੀਤੀ 'ਚ ਵਾਪਸ ਆ ਰਹੇ ਹਨ ਅਤੇ ਭਾਜਪਾ ਤੋਂ ਵਧੀਆ ਕੋਈ ਪਾਰਟੀ ਨਹੀਂ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਮਜ਼ਬੂਤ ਕਰਨਾ ਹੋਵੇਗਾ ਤੇ ਮੈਂ ਪੂਰੀ ਤਨਦੇਹੀ ਨਾਲ ਇਸ ਲਈ ਕੰਮ ਕਰਾਂਗਾ ਕਿ ਆਉਣ ਵਾਲੀਆਂ ਚੋਣਾਂ 'ਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇ | ਫੂਲਕਾ ਨੇ 'ਆਪ' 'ਤੇ ਵੀ ਤਿੱਖੇ ਹਮਲੇ ਕੀਤੇ | ਦੱਸਣਯੋਗ ਹੈ ਕਿ ਫੂਲਕਾ 2014 'ਚ 'ਆਪ' 'ਚ ਸ਼ਾਮਿਲ ਹੋਏ ਸਨ | ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਲੁਧਿਆਣਾ ਤੋਂ ਲੜੀਆਂ ਸਨ, ਪਰ ਹਾਰ ਗਏ | ਫਿਰ 2017 'ਚ, ਉਹ ਪੰਜਾਬ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਣੇ | ਇਸ ਤੋਂ ਬਾਅਦ ਉਨ੍ਹਾਂ 'ਆਪ' ਤੋਂ ਅਸਤੀਫ਼ਾ ਦੇ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਦੋ-ਤਿੰਨ ਹਫ਼ਤਿਆਂ 'ਚ ਛੱਡ ਦੇਵਾਂਗੇ ਈਰਾਨ-ਟਰੰਪ ਅਗਲੀ ਖ਼ਬਰ ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ 195.50 ਰੁਪਏ ਦਾ ਵੱਡਾ ਵਾਧਾ
Ad Position 24