ਲੋਕਾਂ ਨੂੰ ਇਕੋ ਛੱਤ ਹੇਠ ਮਿਲਣਗੀਆਂ ਸਰਕਾਰੀ ਸਹੂਲਤਾਂ-ਭਗਵੰਤ ਮਾਨ
ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ
ਤਲਵੰਡੀ ਸਾਬੋ, 12 ਅਪ੍ਰੈਲ-ਪਵਿੱਤਰ ਨਗਰੀ ਤਲਵੰਡੀ ਸਾਬੋ ਵਿਖੇ ਵੱਡਾ ਪ੍ਰਸ਼ਾਸਨਿਕ ਸੁਧਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ 6 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਅਤਿ-ਆਧੁਨਿਕ ਉਪ ਮੰਡਲ ਮੈਜਿਸਟਰੇਟ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ | ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਮੰਜ਼ਿਲਾਂ ਕੰਪਲੈਕਸ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਸ ਨਵੀਂ ਇਮਾਰਤ ਨਾਲ ਰਜਿਸਟਰੀ ਤੋਂ ਲੈ ਕੇ ਰਿਕਾਰਡ ਰੂਮ ਤੱਕ ਸਾਰੀਆਂ ਜ਼ਰੂਰੀ ਸਰਕਾਰੀ ਸੇਵਾਵਾਂ ਇਕੋ ਛੱਤ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ 28 ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿਚ ਆਸਾਨ ਰਜਿਸਟਰੀ, ਐਸ.ਡੀ.ਐਮ. ਅਤੇ ਤਹਿਸੀਲਦਾਰ ਅਦਾਲਤਾਂ, ਫ਼ਰਦ ਕੇਂਦਰ, ਖ਼ਜ਼ਾਨਾ ਦਫ਼ਤਰ, ਰਿਕਾਰਡ ਰੂਮ ਅਤੇ ਹੋਰ ਮੁੱਖ ਸਹੂਲਤਾਂ ਸ਼ਾਮਿਲ ਹਨ | ਮੁੱਖ ਮੰਤਰੀ ਨੇ ਕਿਹਾ ਕਿ 40 ਸਾਲ ਪੁਰਾਣੀ ਪਿਛਲੀ ਇਮਾਰਤ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਸੀ, ਜੋ ਜਾਨ-ਮਾਲ ਲਈ ਵੱਡਾ ਖ਼ਤਰਾ ਬਣਇਆ ਹੋਇਆ ਸੀ | ਉਨ੍ਹਾਂ ਕਿਹਾ ਕਿ ਨਵਾਂ ਕੰਪਲੈਕਸ ਤਲਵੰਡੀ ਸਾਬੋ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਲਈ ਸੇਵਾਵਾਂ 'ਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਵੇਗਾ | ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਅਜਿਹੇ ਆਧੁਨਿਕ ਤਹਿਸੀਲ ਕੰਪਲੈਕਸ ਪੂਰੇ ਪੰਜਾਬ ਵਿਚ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਅਜਿਹੇ ਲੋਕ ਕੇਂਦਿ੍ਤ ਉਪਰਾਲਿਆਂ ਵੱਲ ਧਿਆਨ ਨਹੀਂ ਦਿੱਤਾ ਸੀ | ਪਿਛਲੀਆਂ ਸਰਕਾਰਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਹਿਲਾਂ ਸੂਬੇ ਦੀ ਵਾਗਡੋਰ ਗਲਤ ਹੱਥਾਂ ਵਿਚ ਸੀ, ਜਿਸ ਕਾਰਨ ਪੰਜਾਬ ਨੂੰ ਬਹੁਤ ਨੁਕਸਾਨ ਝੱਲਣਾ ਪਿਆ | ਉਨ੍ਹਾਂ ਅੱਗੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਹਮੇਸ਼ਾਂ ਜਨਤਕ ਮਹੱਤਵ ਵਾਲੇ ਕੰਮਾਂ ਨੂੰ ਤਰਜੀਹ ਦਿੱਤੀ | ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਪੇਸ਼ ਕਰੇਗੀ | ਮੁੱਖ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਕਾਨੂੰਨ ਇਕ ਮਜ਼ਬੂਤ ਰੋਕਥਾਮ ਵਜੋਂ ਕੰਮ ਕਰੇਗਾ ਅਤੇ ਪੰਜਾਬ ਭਰ ਵਿਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਵਿਚ ਸਹਾਈ ਸਿੱਧ ਹੋਵੇਗਾ | ਇਸ ਮੌਕੇ ਚੀਫ਼ ਵਿਪ ਕੈਬਿਨਟ ਰੈਂਕ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ, ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਵਿਧਾਇਕ ਬੁਢਲਾਡਾ ਪਿ੍ੰਸੀਪਲ ਬੁੱਧ ਰਾਮ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ, ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ, ਹਲਕਾ ਇੰਚਾਰਜ ਬਠਿੰਡਾ ਦਿਹਾਤੀ ਜਸਵਿੰਦਰ ਸਿੰਘ ਸ਼ਿੰਦਾ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਰਾਕੇਸ਼ ਪੁਰੀ, ਚੇਅਰਮੈਨ ਸ਼ੂਗਰਫੈਡ ਪੰਜਾਬ ਅਤੇ ਲੋਕ ਸਭਾ ਹਲਕਾ ਇੰਚਾਰਜ ਨਵਦੀਪ ਜੀਦਾ, ਚੇਅਰਮੈਨ ਮਾਰਕਫੈੱਡ ਇੰਦਰਜੀਤ ਸਿੰਘ ਮਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹਰਦੀਪ ਸਿੰਘ ਸਰਾਂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਜਤਿੰਦਰ ਸਿੰਘ ਭੱਲਾ, ਚੇਅਰਮੈਨ ਮਾਰਕੀਟ ਕਮੇਟੀ ਬੱਲੀ ਬਲਜੀਤ, ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਅਮਰਜੀਤ ਸਿੰਘ ਰਾਜਨ, ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਬਿਕਰਮ ਲਵਲੀ, ਉਪ ਚੇਅਰਮੈਨ ਐਸ.ਸੀ. ਕਾਰਪੋਰੇਸ਼ਨ ਗੁਰਜੰਟ ਸਿੰਘ ਸਿਵੀਆਂ ਆਦਿ ਹਾਜ਼ਰ ਸਨ |
ਮੁੱਖ ਮੰਤਰੀ ਵਲੋਂ ਤਲਵੰਡੀ ਸਾਬੋ ਦੇ ਨਵੇਂ ਉਪ-ਮੰਡਲ ਮੈਜਿਸਟਰੇਟ ਕੰਪਲੈਕਸ ਦਾ ਉਦਘਾਟਨ
ਅਜੀਤ ਡੈਸਕ
13-04-2026