ਆਸ਼ਾ ਭੋਂਸਲੇ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ
ਦਿਲ ਚੀਜ਼ ਕਿਆ ਹੈ ਆਪ ਮੇਰੀ ਜਾਨ ਲੀਜੀਏ...
ਮੇਰਾ ਕੁਛ ਸਾਮਾਨ ਤੁਮਾਹਰੇ ਪਾਸ ਹੈ ਲੋਟਾਦੋ...
ਮੁੰਬਈ, 13 ਅਪ੍ਰੈਲ (ਏਜੰਸੀਆਂ)-ਸੁਰਾਂ ਦੀ ਮਲਿਕਾ ਅਤੇ ਭਾਰਤੀ ਸੰਗੀਤ ਜਗਤ ਦਾ ਇਕ ਚਮਕਦਾ ਸਿਤਾਰਾ ਆਸ਼ਾ ਭੋਂਸਲੇ ਹਮੇਸ਼ਾ ਲਈ ਚਲੀ ਗਈ ਹੈ | ਉਸ ਦੀ ਆਵਾਜ਼ ਜਿਸਨੇ ਦਹਾਕਿਆਂ ਤੱਕ ਲੱਖਾਂ ਦਿਲਾਂ 'ਤੇ ਰਾਜ ਕੀਤਾ, ਹੁਣ ਸਿਰਫ਼ ਇਕ ਯਾਦ ਬਣ ਕੇ ਰਹਿ ਗਈ ਹੈ | ਉਸ ਦੀ ਅੰਤਿਮ ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਨੇ ਹਰ ਸੰਗੀਤ ਪ੍ਰੇਮੀ ਦੀਆਂ ਅੱਖਾਂ ਨੂੰ ਹੰਝੂਆਂ ਨਾਲ ਭਰ ਦਿੱਤਾ | ਮਹਾਨ ਗਾਇਕਾ ਆਸ਼ਾ ਭੋਂਸਲੇ ਦਾ ਅੰਤਿਮ ਸੰਸਕਾਰ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ | ਮਹਾਰਾਸ਼ਟਰ ਪੁਲਿਸ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ | ਆਸ਼ਾ ਦੇ ਬਾਲੀਵੁੱਡ ਦੇ ਸਾਥੀ ਗਾਇਕਾਂ ਨੇ ਉਨ੍ਹਾਂ ਦੇ ਪ੍ਰਸਿੱਧ ਗੀਤ, 'ਅਭੀ ਨਾ ਜਾਓ ਛੋੜ ਕਰ' ਗੀਤ ਗਾ ਕੇ ਉਨ੍ਹਾਂ ਨੂੰ ਅਲਵਿਦਾ ਕਿਹਾ | ਅੱਜ ਸਵੇਰੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ ਸਥਾਨ 'ਕਾਸਾ ਗ੍ਰਾਂਡੇ' ਵਿਖੇ ਰੱਖਿਆ ਗਿਆ, ਜਿਥੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਤਿਰੰਗੇ ਵਿਚ ਲਪੇਟਿਆ ਗਿਆ ਸੀ ਅਤੇ ਰਸਮੀ ਸਲਾਮੀ ਵੀ ਦਿੱਤੀ ਗਈ | ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਦੇ ਅੰਦਰ ਅਤੇ ਬਾਹਰ ਸੈਂਕੜੇ ਲੋਕ ਮਹਾਨ ਸੰਗੀਤ ਕਲਾਕਾਰ ਆਸ਼ਾ ਭੋਂਸਲੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਇਕੱਠੇ ਹੋਏ | ਇਸ ਸਮੇਂ ਦੌਰਾਨ ਉਸ ਦਾ ਰੂਹਾਨੀ ਗੀਤ 'ਅਭੀ ਨਾ ਜਾਓ ਛੋੜਕਰ...' ਦੀ ਧੁਨ ਹਵਾ ਵਿਚ ਗੂੰਜਦੀ ਰਹੀ | ਭੋਂਸਲੇ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਅਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ¢ ਉਸ ਦੇ ਪੁੱਤਰ ਆਨੰਦ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ | ਆਸ਼ਾ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੀ ਪੋਤੀ ਜ਼ਨਾਈ, ਭੈਣ ਊਸ਼ਾ ਮੰਗੇਸ਼ਕਰ ਅਤੇ ਭਰਾ ਹਿਰਦੇਨਾਥ ਮੰਗੇਸ਼ਕਰ ਵੀ ਉਥੇ ਮੌਜੂਦ ਸਨ | ਭਾਰਤ ਦੇ ਇਸ ਮਹਾਨ ਗਾਇਕਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ, ਸੁਨੇਤਰਾ ਪਵਾਰ, ਨਿਰਦੇਸ਼ਕ ਰਮੇਸ਼ ਸਿੱਪੀ, ਅਦਾਕਾਰ ਆਮਿਰ ਖਾਨ, ਵਿੱਕੀ ਕÏਸ਼ਲ, ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਆਸ਼ਾ ਪਾਰੇਖ, ਹੈਲਨ, ਰਣਵੀਰ ਸਿੰਘ, ਤੱਬੂ, ਸੰਗੀਤਕਾਰ ਏ.ਆਰ. ਰਹਿਮਾਨ, ਕ੍ਰਿਕਟ ਸਚਿਨ ਤੇਂਦੁਲਕਰ ਅਤੇ ਸਿਆਸੀ ਨੇਤਾ ਊਧਵ ਠਾਕਰੇ, ਪ੍ਰਫੁੱਲ ਪਟੇਲ ਅਤੇ ਸੁਪ੍ਰੀਆ ਸੁਲੇ ਤੋਂ ਇਲਾਵਾ ਵੱਡੀ ਗਿਣਤੀ ਬਾਲੀਵੁੱਡ ਅਤੇ ਸਿਆਸੀ ਆਗੂ ਪੁੱਜੇ ਹੋਏ ਸਨ | ਇਸ ਤੋਂ ਪਹਿਲਾਂ ਉੱਘੀ ਮਹਾਨ ਗਾਇਕਾ ਆਸ਼ਾ ਭੋਂਸਲੇ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਪਸੰਦੀਦਾ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਾ ਕੇ ਸ਼ਿਵਾਜੀ ਪਾਰਕ ਲਿਜਾਇਆ ਗਿਆ | ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਖੜ੍ਹੇ ਹੋ ਕੇ ਇਸ ਮਹਾਨ ਗਾਇਕਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਆਸ਼ਾ ਨੇ ਅੱਠ ਦਹਾਕਿਆਂ ਤੱਕ ਭਾਰਤੀ ਸੰਗੀਤ ਨੂੰ ਇਕ ਨਵੀਂ ਪਹਿਚਾਣ ਦਿੱਤੀ | ਇਕ ਚਿੱਟਾ ਵਾਹਨ ਜੋ ਕਿ ਗਾਇਕਾ ਦੇ ਮਨਪਸੰਦ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਿਆ ਹੋਇਆ ਸੀ ਅਤੇੇ ਉਸ ਦੀ ਇਕ ਵੱਡੀ ਤਸਵੀਰ ਲਗਾ ਕੇ ਉਸ ਦੀ ਮਿ੍ਤਕ ਦੇਹ ਨੂੰ ਉਸਦੇ ਲੋਅਰ ਪਰੇਲ ਨਿਵਾਸ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਦਾਦਰ ਦੇ ਸ਼ਿਵਾਜੀ ਪਾਰਕ ਲੈ ਗਈ | ਜਦੋਂ ਤਾਬੂਤ ਨੂੰ ਗੱਡੀ ਦੇ ਅੰਦਰ ਰੱਖਿਆ ਗਿਆ ਸੀ ਤਾਂ ਪੁਲਿਸ ਬੈਂਡ ਨੇ ਇਕ ਉਦਾਸ ਧੁਨ ਵਜਾਈ | ਅੰਤਿਮ ਯਾਤਰਾ ਦੌਰਾਨ ਸਥਾਨਕ ਲੋਕ ਆਪਣੀ ਇਸ ਮਹਾਨ ਗਾਇਕਾ ਦੀ ਅੰਤਿਮ ਝਲਕ ਦੇਖਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਭਾਰੀ ਪੁਲਿਸ ਦੀ ਮੌਜੂਦਗੀ ਦੌਰਾਨ ਤੰਗ ਗਲੀ 'ਚੋਂ ਲੰਘਦੇ ਸਮੇਂ ਉਸਦੀ ਗੱਡੀ 'ਤੇ ਫੁੱਲਾਂ ਦੀ ਵਰਖਾ ਕੀਤੀ | ਆਪਣੀ ਬਹੁਪੱਖੀ ਪ੍ਰਤਿਭਾ ਲਈ ਮਸ਼ਹੂਰ, ਉਸ ਨੇ ਦੁਨੀਆ ਨੂੰ ਅਣਗਿਣਤ ਕਲਾਸਿਕ ਗੀਤ ਦਿੱਤੇ, ਜਿਨ੍ਹਾਂ 'ਚ 'ਅਭੀ ਨਾ ਜਾਓ ਛੋੜ ਕਰ', 'ਇਨ ਆਂਖੋਂ ਕੀ ਮਸਤੀ', 'ਦਿਲ ਚੀਜ਼ ਕਿਆ ਹੈ', 'ਪੀਆ ਤੂ ਅਬ ਤੋ ਆਜਾ', 'ਦੁਨੀਆ ਮੈਂ ਲੋਗੋਂ ਕੋ' ਅਤੇ 'ਜ਼ਰਾ ਸਾ ਝੂਮ ਲੂਨ ਮੈਂ' ਸ਼ਾਮਿਲ ਹਨ |
ਅਭੀ ਨਾ ਜਾਓ ਛੋੜ ਕਰ ਕਿ ਦਿਲ ਅਭੀ.. ਪੰਜ ਤੱਤਾਂ 'ਚ ਵਿਲੀਨ ਹੋਈ ਸੁਰਾਂ ਦੀ ਮਲਿਕਾ
ਅਜੀਤ ਡੈਸਕ
14-04-2026