ਨਵੀਂ ਦਿੱਲੀ, 15 ਅਪ੍ਰੈਲ (ਉਪਮਾ ਡਾਗਾ ਪਾਰਥ)- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਿਆਸਤ 'ਚ ਔਰਤਾਂ ਲਈ ਰਾਖਵੇਂਕਰਨ ਬਾਰੇ ਬਿੱਲ ਨੂੰ ਇਤਿਹਾਸਕ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ | ਉਨ੍ਹਾਂ ਇਸ ਲਈ ਲਿਆਂਦੀ ਜਾ ਰਹੀ ਸੰਵਿਧਾਨਿਕ ਸੋਧ ਨੂੰ ਭਾਰਤ ਦੀ ਲੋਕਤੰਤਰਿਕ ਵਿਵਸਥਾ ਲਈ ਇਕ ਬਦਲਾਅ ਵਾਲਾ ਕਰਾਰ ਦਿੱਤਾ | ਸਾਬਕਾ ਰਾਸ਼ਟਰਪਤੀ ਨੇ ਬਿੱਲ ਨੂੰ ਦੇਸ਼ ਦੀਆਂ ਸਭ ਤੋਂ ਉੱਚ ਵਿਧਾਈ ਸੰਸਥਾਵਾਂ 'ਚ ਔਰਤਾਂ ਦੀ ਹਿੱਸੇਦਾਰੀ ਨੂੰ ਯਕੀਨੀ ਬਣਾਉਣ ਵਾਲਾ ਦੱਸਦਿਆਂ ਕਿਹਾ ਕਿ ਔਰਤਾਂ ਦੇ ਵੱਖ-ਵੱਖ ਤਜਰਬੇ ਅਤੇ ਨਜ਼ਰੀਆ ਨੀਤੀ ਨਿਰਮਾਣ ਨੂੰ ਹੋਰ ਸੰਤੁਲਿਤ ਅਤੇ ਸੰਵੇਦਨਸ਼ੀਲ ਬਣਾਉਣਗੇ | ਪ੍ਰਤਿਭਾ ਪਾਟਿਲ ਨੇ ਆਸ ਪ੍ਰਗਟਾਈ ਕਿ ਇਹ ਪਹਿਲ ਦਿਹਾਤੀ ਅਤੇ ਪਛੜੇ ਭਾਈਚਾਰਿਆਂ ਦੀਆਂ ਉਮੀਦਾਂ ਨੂੰ ਨਵੀਂ ਊਰਜਾ ਦੇਵੇਗੀ | ਉਨ੍ਹਾਂ ਲੰਬੇ ਸਮੇਂ ਤੋਂ ਸੰਜੋਏ ਗਏ ਸੁਪਨੇ ਨੂੰ ਸਾਕਾਰ ਕਰਨ 'ਚ ਸ਼ਾਮਿਲ ਸਾਰੀਆਂ ਧਿਰਾਂ ਦੀ ਵੀ ਸ਼ਲਾਘਾ ਕੀਤੀ | ਉਨ੍ਹਾਂ ਇਸ ਨੂੰ ਇਤਿਹਾਸਕ ਨਾਬਰਾਬਰੀ ਨੂੰ ਘੱਟ ਕਰਨ ਅਤੇ ਸਭ ਤੋਂ ਸ਼ਾਮਿਲ ਕਰਨ ਵਾਲੇ ਭਾਰਤ ਦੇ ਨਿਰਮਾਣ ਦੀ ਦਿਸ਼ਾ 'ਚ ਇਕ ਫੈਸਲਾਕੁੰਨ ਕਰਾਰ ਦਿੱਤਾ |