• ਕੇਂਦਰ ਵਲੋਂ ਹਰਿਆਣਾ ਨੂੰ ਖ਼ਰੀਦ 'ਚ ਛੋਟ, ਪੰਜਾਬ ਵੀ ਉਡੀਕ 'ਚ • ਸੂਬੇ ਦੀਆਂ ਮੰਡੀਆਂ 'ਚ ਸਾਢੇ 8 ਲੱਖ ਮੀਟਿ੍ਕ ਟਨ ਕਣਕ ਦੀ ਆਮਦ ਤੇ ਢਾਈ ਲੱਖ ਮੀਟਿ੍ਕ ਟਨ ਦੀ ਖ਼ਰੀਦ
ਹਰਜਿੰਦਰ ਸਿੰਘ ਲਾਲ
ਖੰਨਾ, 15 ਅਪ੍ਰੈਲ-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਆਮਦ ਕਾਫ਼ੀ ਤੇਜ਼ ਹੋ ਗਈ ਹੈ, ਭਾਵੇਂ ਇਹ ਅਜੇ ਵੀ ਪਿਛਲੇ ਸਾਲ ਦੀ ਆਮਦ ਨਾਲੋਂ ਘੱਟ ਹੈ | ਅੱਜ ਸ਼ਾਮ ਤੱਕ ਪੰਜਾਬ ਦੀਆਂ ਮੰਡੀਆਂ ਵਿਚ 8,53, 275.73 ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ ਸਿਰਫ਼ ਅੱਜ ਦੇ ਦਿਨ ਦੀ ਆਮਦ ਹੀ 2,51,543.48 ਮੀਟਿ੍ਕ ਟਨ ਹੈ | ਅੱਜ ਸ਼ਾਮ ਤੱਕ ਮੰਡੀਆਂ 'ਚੋਂ 2 ਲੱਖ 47 ਹਜ਼ਾਰ ਮੀਟਿ੍ਕ ਟਨ ਕਣਕ ਖਰੀਦੀ ਜਾ ਚੁੱਕੀ ਹੈ | ਵੇਖਣ ਨੂੰ ੂ ਭਾਵੇਂ ਪੰਜਾਬ ਦੀਆਂ ਮੰਡੀਆਂ ਵਿਚ 4 ਲੱਖ ਮੀਟਿ੍ਕ ਟਨ ਤੋਂ ਵਧੇਰੇ ਕਣਕ ਅਣਖਰੀਦੀ ਪਈ ਹੈ ਪਰ ਇਸ ਵਿਚ ਇਕ ਪੇਚ ਹੈ ਇਹ 4 ਲੱਖ ਟਨ ਕਣਕ ਸਿਰਫ਼ ਪਿਛਲੇ 24 ਘੰਟਿਆਂ ਵਿਚ ਹੀ ਮੰਡੀਆਂ ਵਿਚ ਪੁੱਜੀ ਹੈ ਅਤੇ ਇਸ ਵਿਚ ਨਮੀ ਜ਼ਿਆਦਾ ਹੋਣ ਕਾਰਨ ਖ਼ਰੀਦਣ ਵਿਚ ਮੁਸ਼ਕਿਲ ਆ ਰਹੀ ਹੈ | ਭਾਵੇਂ ਇਸ ਵਿਚ ਕੁਝ ਅਸਰ ਮੌਸਮ ਅਤੇ ਆੜ੍ਹਤੀਆਂ ਅਤੇ ਕਰਮਚਾਰੀਆਂ ਦੀ ਖ਼ਤਮ ਹੋ ਚੁੱਕੀ ਹੜਤਾਲ ਦਾ ਵੀ ਰਿਹਾ ਹੈ | ਅੱਜ ਇਕ ਦਿਨ ਵਿਚ ਹੀ ਪੰਜਾਬ ਦੀਆਂ ਮੰਡੀਆਂ ਵਿਚੋਂ ਸਰਕਾਰੀ ਖ਼ਰੀਦ ਏਜੰਸੀਆਂ ਨੇ ਕਰੀਬ 1 ਲੱਖ 67 ਹਜ਼ਾਰ 107.60 ਮੀਟਿ੍ਕ ਟਨ ਕਣਕ ਖਰੀਦੀ ਗਈ ਹੈ | ਇਹ ਪਿਛਲੇ ਸਾਲ ਦੀ ਇਕ ਦਿਨ ਦੀ ਸਰਕਾਰੀ ਖ਼ਰੀਦ ਨਾਲੋਂ ਕਾਫੀ ਜ਼ਿਆਦਾ ਹੈ, ਕਿਉਂਕਿ ਪਿਛਲੇ ਸਾਲ ਸਰਕਾਰੀ ਖ਼ਰੀਦ ਏਜੰਸੀਆਂ ਨੇ 15 ਅਪ੍ਰੈਲ 2025 ਦੇ ਇਕ ਦਿਨ ਵਿਚ 1 ਲੱਖ 44 ਹਜ਼ਾਰ 847.65 ਮੀਟਿ੍ਕ ਟਨ ਕਣਕ ਹੀ ਖਰੀਦੀ ਸੀ | ਪੰਜਾਬ ਦੀਆਂ ਮੰਡੀਆਂ ਵਿਚੋਂ ਅੱਜ ਸ਼ਾਮ ਤੱਕ ਸਿਰਫ਼ 20 ਹਜ਼ਾਰ 2.20 ਮੀਟਿ੍ਕ ਟਨ ਕਣਕ ਦੀ ਚੁਕਾਈ ਹੀ ਹੋਈ ਹੈ | ਕਿਸਾਨਾਂ ਨੂੰ ਅਦਾਇਗੀ ਵਜੋਂ 88.10 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ |
ਏਜੰਸੀ ਵਾਰ ਸਰਕਾਰੀ ਖ਼ਰੀਦ
ਅੱਜ ਸ਼ਾਮ ਤੱਕ ਸਰਕਾਰੀ ਖ਼ਰੀਦ ਏਜੰਸੀਆਂ ਵਿਚੋਂ ਪਨਗਰੇਨ ਨੇ 40 ਹਜ਼ਾਰ 242 ਮੀਟਿ੍ਕ ਟਨ, ਪੰਜਾਬ ਵੇਅਰ ਹਾਊਸ ਨੇ 40 ਹਜ਼ਾਰ 125 ਮੀਟਿ੍ਕ ਟਨ, ਪਨਸਪ ਨੇ 43 ਹਜ਼ਾਰ 150 ਮੀਟਿ੍ਕ ਟਨ, ਮਾਰਕਫੈੱਡ ਨੇ 59 ਹਜ਼ਾਰ 947 ਮੀਟਿ੍ਕ ਟਨ, ਪਨਗਰੇਨ ਡੀ. ਸੀ. ਪੀ. ਨੇ 62 ਹਜ਼ਾਰ 421 ਮੀਟਿ੍ਕ ਟਨ, ਐਫ. ਸੀ. ਆਈ. ਨੇ ਸਿਰਫ਼ 258 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਹੈ |
ਹਰਿਆਣਾ ਤੇ ਰਾਜਸਥਾਨ ਸੂਬੇ ਪੰਜਾਬ ਤੋਂ ਬਹੁਤ ਪਿੱਛੇ
ਵਰਨਣਯੋਗ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਹਰਿਆਣਾ ਅਤੇ ਰਾਜਸਥਾਨ ਨਾਲੋਂ ਕਾਫੀ ਵਧੀਆ ਤਰੀਕੇ ਨਾਲ ਹੋ ਰਹੀ ਹੈ, ਕਿਉਂਕਿ ਇਸ ਦਰਮਿਆਨ ਹਰਿਆਣਾ ਵਿਚ 15 ਅਪ੍ਰੈਲ ਸ਼ਾਮ ਤੱਕ 53.33 ਲੱਖ ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਦੋਂਕਿ ਇਸ ਵਿਚੋਂ ਅਜੇ ਤੱਕ ਸਿਰਫ਼ 12.28 ਲੱਖ ਮੀਟਿ੍ਕ ਟਨ ਦੀ ਖ਼ਰੀਦ ਹੀ ਹੋਈ ਹੈ | ਇਸ ਤਰ੍ਹਾਂ ਹਰਿਆਣਾ ਦੀਆਂ ਮੰਡੀਆਂ ਵਿਚ 29.91 ਲੱਖ ਮੀਟਿ੍ਕ ਟਨ ਕਣਕ ਅਣਵਿਕੀ ਪਈ ਹੈ ਅਤੇ ਰਾਜਸਥਾਨ ਵਿਚ 15 ਅਪ੍ਰੈਲ ਤੱਕ 4.5 ਲੱਖ ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ ਤੇ ਇਸ ਵਿਚੋਂ 2 ਲੱਖ ਮੀਟਿ੍ਕ ਟਨ ਦੀ ਵਿਕਰੀ ਹੀ ਹੋਈ ਹੈ ਅਤੇ 2.5 ਲੱਖ ਮੀਟਿ੍ਕ ਟਨ ਕਣਕ ਮੰਡੀਆਂ ਵਿਚ ਅਣਵਿਕੀ ਪਈ ਹੈ |
ਹਰਿਆਣਾ ਨੂੰ ਖ਼ਰੀਦ ਮਿਆਰਾਂ ਵਿਚ ਮਿਲੀ ਛੋਟ ਪਰ ਪੰਜਾਬ ਉਡੀਕ 'ਚ
ਗੌਰਤਲਬ ਹੈ ਕਿ ਭਾਰਤ ਸਰਕਾਰ ਦੇ ਖਪਤਕਾਰ ਮਾਮਲੇ ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਲੋਂ ਅੱਜ ਜਾਰੀ ਚਿੱਠੀ ਅਨੁਸਾਰ ਸਰਕਾਰੀ ਏਜੰਸੀਆਂ ਵਲੋਂ ਖਰੀਦੀ ਜਾਣ ਵਾਲੀ ਕਣਕ ਦੇ ਖ਼ਰੀਦ ਮਿਆਰਾਂ ਵਿਚ ਕਾਫੀ ਨਵੀਆਂ ਛੋਟਾਂ ਦਿੱਤੀਆਂ ਗਈਆਂ ਹਨ, ਜਦੋਂਕਿ ਪੰਜਾਬ ਅਜੇ ਇਨ੍ਹਾਂ ਛੋਟਾਂ ਦੀ ਉਡੀਕ ਕਰ ਰਿਹਾ ਹੈ | ਹਰਿਆਣਾ ਵਿਚ ਲਸਟਰ ਲੌਸਟ ਭਾਵ ਕਣਕ ਦੀ ਚਮਕ ਅਤੇ ਰੰਗ ਦੀ ਖ਼ਰਾਬੀ ਵਿਚ 70 ਫ਼ੀਸਦੀ ਤੱਕ ਦੀ ਢਿੱਲ ਦਿੱਤੀ ਗਈ ਹੈ | ਸੁੰਗੜੇ, ਮਾਜੂ ਅਤੇ ਟੁੱਟੇ ਹੋਏ ਅਨਾਜ ਦੀ ਸੀਮਾ ਨੂੰ 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਤੱਕ ਛੋਟ ਦੇ ਦਿੱਤੀ ਗਈ ਹੈ, ਜਦੋਂਕਿ ਖ਼ਰਾਬ ਅਤੇ ਥੋੜ੍ਹਾ ਜਿਹਾ ਖ਼ਰਾਬ ਅਨਾਜ ਦੀ ਮਾਤਰਾ ਦੀ ਛੋਟ ਵੀ 6 ਫ਼ੀਸਦੀ ਕਰ ਦਿੱਤੀ ਗਈ ਹੈ | ਇਹ ਹੁਕਮ ਵੀ ਕੀਤੇ ਗਏ ਹਨ ਕਿ ਛੋਟ ਅਧੀਨ ਖ਼ਰੀਦ ਕੀਤੀ ਗਈ ਕਣਕ ਨੂੰ ਵੱਖਰੇ ਤੌਰ 'ਤੇ ਜਮ੍ਹਾਂ ਕੀਤਾ ਜਾਵੇ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਭੰਡਾਰਨ ਦੌਰਾਨ ਢਿੱਲੇ ਮਾਪਦੰਡਾਂ ਅਧੀਨ ਖਰੀਦੀ ਗਈ ਕਣਕ ਦੇ ਸਟਾਕ ਦੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ | ਜੇਕਰ ਇਹ ਛੋਟਾਂ ਪੰਜਾਬ ਦੇ ਕਿਸਾਨਾਂ ਨੂੰ ਨਾ ਦਿੱਤੀਆਂ ਗਈਆਂ ਤਾਂ ਇਸ ਦਾ ਪੰਜਾਬ ਨੂੰ ਬਹੁਤ ਨੁਕਸਾਨ ਹੋਵੇਗਾ | ਹਾਲਾਂਕਿ ਪੰਜਾਬ ਦੇ ਉੱਚ ਅਧਿਕਾਰੀ ਇਹ ਆਸ ਕਰਦੇ ਹਨ ਕਿ ਕੇਂਦਰ ਸਰਕਾਰ ਇਕ ਅੱਧ ਦਿਨ ਵਿਚ ਇਹ ਛੋਟਾਂ ਪੰਜਾਬ ਦੀ ਕਣਕ ਲਈ ਵੀ ਦੇ ਦੇਵੇਗੀ | ਇਸ ਦੌਰਾਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ 90 ਹਜ਼ਾਰ 850 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 83 ਹਜ਼ਾਰ 944 ਕੁਇੰਟਲ ਕਣਕ ਖਰੀਦੀ ਜਾ ਚੁੱਕੀ ਹੈ | ਖੰਨਾ ਮੰਡੀ ਵਿਚ ਅੱਜ ਸ਼ਾਮ ਤੱਕ 24 ਹਜ਼ਾਰ 255 ਕੁਇੰਟਲ ਕਣਕ ਦੀ ਚੁਕਾਈ ਹੋ ਚੁੱਕੀ ਹੈ, ਜਦੋਂ ਕਿ 59 ਹਜ਼ਾਰ 689 ਕੁਇੰਟਲ ਕਣਕ ਦੀ ਚੁਕਾਈ ਬਾਕੀ ਹੈ |
ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਇਕੋ ਦਿਨ 'ਚ ਪੁੱਜੀ ਢਾਈ ਲੱਖ ਮੀਟਿ੍ਕ ਟਨ ਕਣਕ
ਅਜੀਤ ਡੈਸਕ
16-04-2026