ਲਖਨਊ, 18 ਅਪ੍ਰੈਲ (ਏਜੰਸੀ)-ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਖਿਲਾਫ਼ ਕਥਿਤ ਦੋਹਰੀ ਨਾਗਰਿਕਤਾ ਵਿਵਾਦ ਦੇ ਮਾਮਲੇ 'ਚ ਐਫ਼.ਆਈ.ਆਰ. ਦਰਜ ਕਰਨ ਦੇ ਆਪਣੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ | ਹੁਣ ਬੈਂਚ ਦੋਵਾਂ ਪੱਖਾਂ ਦੀ ਗੱਲ ਸੁਣੇਗਾ ਕਿ ਕੀ ਮੁਲਜ਼ਮ ਨੂੰ ਪਹਿਲਾਂ ਤੋਂ ਨੋਟਿਸ ਦੇਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਸੀ | ਜਸਟਿਸ ਸੁਭਾਸ਼ ਵਿਦਿਆਰਥੀ ਦੇ ਬੈਂਚ ਨੇ ਸ਼ੁੱਕਰਵਾਰ ਨੂੰ ਇਕ ਜ਼ਬਾਨੀ ਹੁਕਮ 'ਚ ਕਿਹਾ ਸੀ ਕਿ ਪਹਿਲੀ ਨਜ਼ਰੇ ਰਾਹੁਲ ਖਿਲਾਫ਼ ਗੰਭੀਰ ਅਪਰਾਧ ਬਣਦੇ ਦਿਸ ਰਹੇ ਹਨ ਅਤੇ ਉਤਰ ਪ੍ਰਦੇਸ਼ ਸਰਕਾਰ ਨੂੰ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦੀ ਇਜਾਜ਼ਤ ਦਿੱਤੀ ਸੀ, ਪਰ ਹੁਣ ਬੈਂਚ ਨੇ ਕਿਹਾ ਹੈ ਕਿ ਕੋਈ ਵੀ ਨਿਰਦੇਸ਼ ਦੇਣ ਤੋਂ ਪਹਿਲਾਂ ਉਹ ਨੋਟਿਸ ਜਾਰੀ ਕਰਨ ਦੇ ਕਾਨੂੰਨੀ ਪਹਿਲੂ ਦੀ ਜਾਂਚ ਕਰੇਗਾ | ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 20 ਅਪ੍ਰੈਲ ਲਈ ਤੈਅ ਕੀਤੀ ਹੈ |