05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਅਰਾਘਚੀ ਵਲੋਂ ਪੁਤਿਨ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 28-04-2026

ਮਾਸਕੋ, 27 ਅਪ੍ਰੈਲ (ਏਜੰਸੀ)-ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸੋਮਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉੱਚ ਪੱਧਰੀ ਗੱਲਬਾਤ ਲਈ ਰੂਸ ਪਹੁੰਚ ਗਏ ਹਨ | ਅਰਾਘਚੀ ਪਾਕਿਸਤਾਨ ਤੇ ਓਮਾਨ ਦੇ ਦੌਰੇ ਤੋਂ ਬਾਅਦ ਮਾਸਕੋ ਪਹੁੰਚੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਮੁਲਾਕਾਤ ਖੇਤਰੀ ਅਤੇ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਬਦਲਦੇ ਹਾਲਾਤ ਤੇ ਰੂਸ ਨਾਲ ਨੇੜਲੇ ਤਾਲਮੇਲ 'ਚ ਮਦਦ ਕਰੇਗੀ | ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਸੇਂਟ ਪੀਟਰਸਬਰਗ 'ਚ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਮੁਲਾਕਾਤ ਕੀਤੀ | ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਮੱਧ ਪੂਰਬ 'ਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ | ਰਿਪੋਰਟ ਮੁਤਾਬਕ ਰਾਸ਼ਟਰਪਤੀ ਪੁਤਿਨ ਨੇ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਬਹਾਦਰੀ ਨਾਲ ਲੜ ਰਹੇ ਇਰਾਨੀ ਲੋਕਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਰੂਸ, ਈਰਾਨ ਅਤੇ ਖੇਤਰ ਦੇ ਹੋਰ ਦੇਸ਼ਾਂ ਦੇ ਹਿੱਤ 'ਚ ਹਰ ਸੰਭਵ ਕੋਸ਼ਿਸ਼ ਕਰੇਗਾ ਤਾਂ ਜੋ ਮੱਧ ਪੂਰਬ ਖੇਤਰ 'ਚ ਜਲਦੀ ਤੋਂ ਜਲਦੀ ਸ਼ਾਂਤੀ ਬਹਾਲ ਕੀਤੀ ਜਾ ਸਕੇ | ਇਸ ਮੌਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਮੌਜੂਦ ਸਨ | ਅਰਾਘਚੀ ਦੀ ਰੂਸ ਫੇਰੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਨੇੜਤਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ | ਇਨ੍ਹਾਂ ਕੂਟਨੀਤਕ ਕੋਸ਼ਿਸ਼ਾਂ ਦੇ ਨਾਲ-ਨਾਲ ਈਰਾਨ ਨੇ ਵਾਸ਼ਿੰਗਟਨ ਨੂੰ ਇਕ ਅਜਿਹਾ ਢਾਂਚਾ ਪੇਸ਼ ਕੀਤਾ ਹੈ ਜੋ ਤੁਰੰਤ ਤਣਾਅ ਘਟਾਉਣ ਨੂੰ ਪਹਿਲ ਦਿੰਦਾ ਹੈ ਪਰ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਚਰਚਾ ਨੂੰ ਫਿਲਹਾਲ ਟਾਲ ਦਿੱਤਾ ਹੈ | ਪਾਕਿਸਤਾਨੀ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੀ ਗਈ ਇਸ ਯੋਜਨਾ ਦਾ ਮੁੱਖ ਉਦੇਸ਼ ਹੋਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਆਵਾਜਾਈ ਨੂੰ ਮੁੜ ਸ਼ੁਰੂ ਕਰਨਾ ਹੈ, ਜੋ ਕਿ ਵਿਸ਼ਵ ਤੇਲ ਸਪਲਾਈ ਲਈ ਬਹੁਤ ਮਹੱਤਵਪੂਰਨ ਰਸਤਾ ਹੈ | ਰਿਪੋਰਟਾਂ ਅਨੁਸਾਰ ਈਰਾਨ ਨੇ ਇਸ ਪ੍ਰਕਿਰਿਆ ਨੂੰ ਤਿੰਨ ਪੜਾਵਾਂ 'ਚ ਵੰਡਿਆ ਹੈ | ਪਹਿਲੇ ਪੜਾਅ 'ਚ ਅਮਰੀਕਾ ਅਤੇ ਇਜ਼ਰਾਈਲ ਦੀਆਂ ਫ਼ੌਜੀ ਕਾਰਵਾਈਆਂ ਨੂੰ ਖ਼ਤਮ ਕਰਨ ਅਤੇ ਈਰਾਨ ਸਮੇਤ ਲਿਬਨਾਨ ਵਰਗੇ ਉਸ ਦੇ ਖੇਤਰੀ ਸਹਿਯੋਗੀਆਂ ਵਿਰੁੱਧ ਹਮਲੇ ਨਾ ਕਰਨ ਦੀ ਗਾਰੰਟੀ ਮੰਗੀ ਗਈ ਹੈ | ਦੂਜੇ ਪੜਾਅ 'ਚ ਹੋਰਮੁਜ਼ ਜਲ ਮਾਰਗ ਨੂੰ ਸਥਿਰ ਕਰਨ 'ਤੇ ਧਿਆਨ ਦਿੱਤਾ ਜਾਵੇਗਾ, ਜਿਸ 'ਚ ਸੁਰੱਖਿਅਤ ਲੰਘਣ ਲਈ ਓਮਾਨ ਨਾਲ ਮਿਲ ਕੇ ਇਕ ਨਵਾਂ ਕਾਨੂੰਨੀ ਅਤੇ ਸੁਰੱਖਿਆ ਢਾਂਚਾ ਬਣਾਇਆ ਜਾ ਸਕਦਾ ਹੈ | ਯੋਜਨਾ ਦੇ ਆਖਰੀ ਪੜਾਅ 'ਚ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਦੀ ਤਜਵੀਜ਼ ਹੈ ਪਰ ਇਹ ਉਦੋਂ ਹੀ ਹੋਵੇਗੀ ਜਦੋਂ ਤਣਾਅ ਘਟਾਉਣ ਅਤੇ ਸਮੁੰਦਰੀ ਸੁਰੱਖਿਆ ਦੇ ਮੋਰਚੇ 'ਤੇ ਕੋਈ ਠੋਸ ਤਰੱਕੀ ਨਜ਼ਰ ਆਵੇਗੀ | ਇਹ ਪਹਿਲਕਦਮੀ ਮੱਧ ਪੂਰਬ 'ਚ ਲਗਾਤਾਰ ਵਧ ਰਹੇ ਤਣਾਅ ਅਤੇ ਊਰਜਾ ਸਪਲਾਈ 'ਚ ਵਿਘਨ ਪੈਣ ਦੇ ਡਰ ਦੇ ਵਿਚਕਾਰ ਆਈ ਹੈ | ਇਸ ਰਾਹੀਂ ਈਰਾਨ ਮÏਜੂਦਾ ਸੰਘਰਸ਼ ਨੂੰ ਸੁਲਝਾਉਣ ਅਤੇ ਪਰਮਾਣੂ ਮੁੱਦੇ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਦਰਮਿਆਨ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ <br/> ਅਗਲੀ ਖ਼ਬਰ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਐਂਫੀਬੀਅਸ ਮਸ਼ੀਨਾਂ ਦੀ ਖ਼ਰੀਦ ਨੂੰ ਮਨਜ਼ੂਰੀ-ਮੁੱਖ ਮੰਤਰੀ...
Ad Position 24