ਰਾਜਪਾਲ ਨੂੰ ਸੌਂਪਿਆ 116 ਦਸਤਖ਼ਤਾਂ ਵਾਲਾ ਪੱਤਰ, ਬਹੁਮਤ ਲਈ 2 ਵਿਧਾਇਕਾਂ ਦੀ ਘਾਟ
ਚੇਨਈ, 8 ਮਈ (ਪੀ. ਟੀ. ਆਈ.)-ਤਾਮਿਲਨਾਡੂ 'ਚ ਚੋਣਾਂ ਤੋਂ ਬਾਅਦ ਦਾ ਸਿਆਸੀ ਡਰਾਮਾ ਇਕ ਨਵੇਂ ਮੋੜ 'ਤੇ ਪਹੁੰਚ ਗਿਆ ਹੈ | ਇਕ ਸਮੇਂ ਲੱਗ ਰਿਹਾ ਸੀ ਕਿ ਟੀ.ਵੀ.ਕੇ. ਮੁਖੀ ਵਿਜੇ ਦੀਆਂ ਸਨਿਚਰਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀਆਂ ਤਿਆਰੀਆਂ ਲਗਭਗ ਮੁਕੰਮਲ ਲੱਗ ਰਹੀਆਂ ਸਨ ਪਰ ਰਾਜਪਾਲ ਰਾਜੇਂਦਰ ਅਰਲੇਕਰ ਅਜੇ ਵੀ ਡੀ.ਐਮ.ਕੇ. ਦੀ ਸਹਿਯੋਗੀ ਪਾਰਟੀ ਵੀ.ਸੀ.ਕੇ. ਦੇ ਰਸਮੀ ਸਮਰਥਨ ਪੱਤਰ ਦੀ ਉਡੀਕ ਕਰ ਰਹੇ ਹਨ | ਟੀ.ਵੀ.ਕੇ. ਨੇ ਰਾਜਪਾਲ ਨੂੰ ਸਿਰਫ਼ 116 ਵਿਧਾਇਕਾਂ ਦੇ ਦਸਤਖ਼ਤਾਂ ਵਾਲੀ ਸੂਚੀ ਸੌਂਪੀ ਹੈ, ਜਿਸ ਕਾਰਨ ਉਹ ਬਹੁਮਤ ਦੇ ਅੰਕੜੇ (118) ਤੋਂ ਦੋ ਸੀਟਾਂ ਪਿੱਛੇ ਰਹਿ ਗਏ ਹਨ | ਹੁਣ ਸਾਰੀਆਂ ਨਜ਼ਰਾਂ ਵੀ.ਸੀ.ਕੇ. 'ਤੇ ਟਿਕੀਆਂ ਹੋਈਆਂ ਹਨ, ਜਿਸ ਨੇ ਐਲਾਨ ਕੀਤਾ ਹੈ ਕਿ ਉਹ ਟੀ.ਵੀ.ਕੇ. ਨੂੰ ਸਮਰਥਨ ਦੇਣ ਬਾਰੇ ਆਪਣਾ ਫੈਸਲਾ ਸਨਿਚਰਵਾਰ ਨੂੰ ਲਵੇਗੀ | ਇਸ ਤੋਂ ਪਹਿਲਾਂ ਵਿਜੇ ਨੇ ਸ਼ੁੱਕਰਵਾਰ ਨੂੰ ਲੋਕ ਭਵਨ 'ਚ ਲਗਾਤਾਰ ਤੀਜੇ ਦਿਨ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਤਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਟੀ.ਵੀ.ਕੇ. ਨੇ 234 'ਚੋਂ 108 ਸੀਟਾਂ ਜਿੱਤੀਆਂ ਸਨ | ਇਨ੍ਹਾਂ 'ਚੋਂ ਦੋ ਸੀਟਾਂ 'ਤੇ ਖ਼ੁਦ ਵਿਜੇ ਚੋਣ ਜਿੱਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਕ ਸੀਟ ਛੱਡਣੀ ਪਵੇਗੀ | ਇਸ ਤੋਂ ਪਹਿਲਾਂ ਵਿਜੇ ਨੇ 6 ਅਤੇ 7 ਮਈ ਨੂੰ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਰਾਜਪਾਲ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ 118 ਵਿਧਾਇਕਾਂ ਦਾ ਲਿਖਤੀ ਸਮਰਥਨ ਨਹੀਂ ਦਿਖਾਇਆ ਜਾਂਦਾ, ਉਹ ਸਰਕਾਰ ਬਣਾਉਣ ਲਈ ਸੱਦਾ ਨਹੀਂ ਦੇ ਸਕਦੇ |
ਤਾਮਿਲਨਾਡੂ 'ਚ ਵਿਜੇ ਦੇ ਸਹੁੰ ਚੁੱਕ ਸਮਾਗਮ 'ਤੇ ਫਸਿਆ ਪੇਚ
ਅਜੀਤ ਡੈਸਕ
09-05-2026