ਸੋਮਨਾਥ ਮੰਦਰ ਦੀ ਮੁੜ-ਉਸਾਰੀ ਲਈ ਸਰਦਾਰ ਪਟੇਲ ਦੀਆਂ ਕੋਸ਼ਿਸ਼ਾਂ ਦਾ ਕੀਤਾ ਜ਼ਿਕਰ
ਨਵੀਂ ਦਿੱਲੀ, 8 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਨਾਥ ਮੰਦਰ ਦੀ ਮੁੜ-ਉਸਾਰੀ ਦੀ 75ਵੀਂ ਵਰ੍ਹੇਗੰਢ ਮੌਕੇ ਇਸ ਨੂੰ ਭਾਰਤੀ ਸੱਭਿਅਤਾ ਦਾ ਅਟੁੱਟ ਸੰਕਲਪ ਕਰਾਰ ਦਿੱਤਾ | ਮੋਦੀ ਨੇ ਸੋਮਨਾਥ ਮੰਦਰ ਦੀ ਉਸਤਤ ਕਰਦਿਆਂ ਕਿਹਾ ਕਿ ਕਈ ਸ਼ਾਸਨ ਆਏ-ਗਏ, ਸਮਾਂ ਬਦਲਿਆ ਅਤੇ ਇਤਿਹਾਸ ਨੇ ਕਈ ਉਤਰਾਅ-ਚੜ੍ਹਾਅ ਵੇਖੇ ਪਰ ਫਿਰ ਵੀ ਸੋਮਨਾਥ ਹਮੇਸ਼ਾ ਸਾਡੇ ਦਿਲਾਂ 'ਚ ਬਣਿਆ ਰਿਹਾ | ਉਨ੍ਹਾਂ ਸੋਮਨਾਥ ਮੰਦਰ ਦੀ ਮੁੜ-ਉਸਾਰੀ ਲਈ ਸਰਦਾਰ ਪਟੇਲ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ | ਮੋਦੀ ਨੇ ਇਤਿਹਾਸ ਦੇ ਵਰਕੇ ਫੋਲਦਿਆਂ ਸੋਮਨਾਥ ਦੇ ਬਣਨ ਅਤੇ ਉੱਜੜਣ ਦੇ ਕਿੱਸੇ ਸਾਂਝੇ ਕਰਦਿਆਂ ਮਹਾਰਾਜ ਧਾਰਸੇਨ ਚਤਰੁਥ, ਰਾਜਾ ਭੋਜ, ਕਰਣਦੇਵ ਸੋਲੰਕੀ ਸਮੇਤ ਕਈ ਸ਼ਾਸਕਾਂ ਦੀ ਮਿਸਾਲ ਦਿੱਤੀ | ਨਾਲ ਹੀ ਆਜ਼ਾਦੀ ਤੋਂ ਬਾਅਦ ਸੋਮਨਾਥ ਦੀ ਭਾਵਨਾ ਨੂੰ ਲੈ ਕੇ ਸਰਦਾਰ ਵੱਲਭ ਭਾਈ ਪਟੇਲ ਦਾ ਨਾਂਅ ਉਚੇਚ ਤੌਰ 'ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਸੋਮਨਾਥ ਮੰਦਰ ਦੀ ਮੁੜ-ਉਸਾਰੀ ਦਾ ਸੰਕਲਪ ਲਿਆ ਸੀ, ਪਰ ਸੋਮਨਾਥ ਮੰਦਰ ਦੇ ਭਗਤਾਂ ਲਈ ਖੁੱਲ੍ਹਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ | ਮੋਦੀ ਨੇ 1957 'ਚ ਮੰਦਰ ਦੀ ਮੁੜ-ਉਸਾਰੀ ਦਾ ਕੰਮ ਪੂਰਾ ਹੋਣ 'ਤੇ ਉਸ ਵੇਲੇ ਡਾ. ਰਜਿੰਦਰ ਪ੍ਰਸਾਦ ਨੂੰ ਉਦਘਾਟਨ ਦਾ ਸੱਦਾ ਮਿਲਣ 'ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਮਨਾਂ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਵਿਰੋਧ ਦੇ ਬਾਵਜੂਦ ਡਾ. ਪ੍ਰਸਾਦ ਨੇ ਸਮਾਗਮ 'ਚ ਹਿੱਸਾ ਲੈ ਕੇ ਇਸ ਨੂੰ ਇਤਿਹਾਸਕ ਬਣਾ ਦਿੱਤਾ | ਮੋਦੀ ਨੇ ਸਰਦਾਰ ਪਟੇਲ ਦਾ ਵਾਰ-ਵਾਰ ਨਾਂਅ ਲੈਂਦਿਆਂ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਸਰਕਾਰ 'ਵਿਕਾਸ ਵੀ, ਵਿਰਾਸਤ ਵੀ' ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਸੋਮਨਾਥ ਤੋਂ ਕਾਸ਼ੀ, ਕਾਮਖਯਾ ਤੋਂ ਕੇਦਾਰਨਾਥ, ਅਯੁੱਧਿਆ ਤੋਂ ਉਜੈਨ ਅਤੇ ਤ੍ਰਯੰਬਕੇਸ਼ਰ ਤੋਂ ਸ਼੍ਰੀਮੈਲਮ ਤੱਕ ਅਸੀਂ ਅਧਿਆਤਮਕ ਕੇਂਦਰਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਸਜਾਇਆ ਹੈ | ਮੋਦੀ ਨੇ ਕਿਹਾ ਕਿ ਅੱਜ ਦੀ ਵੰਡੀ ਹੋਈ ਦੁਨੀਆ 'ਚ ਸੋਮਨਾਥ ਨਾਲ ਮਿਲਣ ਵਾਲੀ ਏਕਤਾ ਦੀ ਇਹ ਸਿਖ ਪਹਿਲਾਂ ਤੋਂ ਵੀ ਕਿਤੇ ਵੱਧ ਪ੍ਰਾਸੰਗਿਕ ਹੈ | ਉਨ੍ਹਾਂ ਕਿਹਾ ਕਿ ਸੋਮਨਾਥ ਆਪਣੀ ਸ਼ਾਨਾਮੱਤੇ ਵਾਲੀ ਪਰੰਪਰਾ ਨਾਲ ਹਮੇਸ਼ਾ ਖੜ੍ਹਾ ਰਹੇਗਾ, ਕਿਉਂਕਿ ਇਹ ਸਾਡੀ ਸਾਂਝੀ ਸੱਭਿਅਤਾ ਦਾ ਪ੍ਰਤੀਕ ਹੈ | ਸੋਮਨਾਥ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਕੋਈ ਸਮਾਜ ਆਪਣੀ ਆਸਥਾ, ਆਪਣੇ ਸੱਭਿਆਚਾਰ ਅਤੇ ਆਪਣੀ ਏਕਤਾ ਨਾਲ ਜੁੜਿਆ ਰਹਿੰਦਾ ਹੈ ਤਾਂ ਉਸ ਨੂੰ ਲੰਬੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ | ਪ੍ਰਧਾਨ ਮੰਤਰੀ ਨੇ ਉਕਤ ਭਾਵ 11 ਮਈ ਨੂੰ ਸੋਮਨਾਥ ਮੰਦਰ ਦੀ ਮੁੜ-ਉਸਾਰੀ ਦੀ 75ਵੀਂ ਵਰ੍ਹੇਗੰਢ, ਜਿਸ 'ਚ ਉਹ ਸ਼ਾਮਿਲ ਹੋਣਗੇ, ਤੋਂ ਪਹਿਲਾਂ ਪ੍ਰਗਟਾਏ ਹਨ |
ਆਸਥਾ ਨਾਲ ਜੁੜੇ ਸਮਾਜ ਨੂੰ ਲੰਬੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ-ਮੋਦੀ
ਅਜੀਤ ਡੈਸਕ
09-05-2026