01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਸ਼ੁਕਰਾਨਾ ਯਾਤਰਾ' ਦੇ ਤੀਜੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ

Ad Position 21
No active advertisement
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ | ਨਾਲ ਪਤਨੀ ਡਾ. ਗੁਰਪ੍ਰੀਤ ਕੌਰ ਤੇ ਵਿਧਾਇਕਾ ਡਾ. ਬਲਜਿੰਦਰ ਕੌਰ | <br/> 09-05-2026

ਵਤਨ ਖ਼ਾਤਰ ਸਭ ਤੋਂ ਵੱਧ ਜਾਨਾਂ ਵਾਰਨ ਵਾਲੇ ਪੰਜਾਬੀਆਂ 'ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾ ਰਹੀ ਹੈ ਭਾਜਪਾ-ਭਗਵੰਤ ਮਾਨ
ਰਣਜੀਤ ਸਿੰਘ ਰਾਜੂ / ਰਵਜੋਤ ਸਿੰਘ ਰਾਹੀ

ਤਲਵੰਡੀ ਸਾਬੋ, 8 ਮਈ-ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਫਿਰਕੂ ਤਾਕਤਾਂ 'ਤੇ ਵਰ੍ਹਦਿਆਂ ਕਿਹਾ ਕਿ ਭਗਵਾ ਪਾਰਟੀ ਪੰਜਾਬੀਆਂ 'ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਵੋਟਾਂ ਬਟੋਰਨ ਦੀ ਖ਼ਾਤਰ ਪੰਜਾਬ ਦੀ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਤੰਦਾਂ ਨੂੰ ਖੇਰੂੰ-ਖੇਰੂੰ ਕਰਨ ਦੀ ਗਹਿਰੀ ਸਾਜਿਸ਼ ਰਚ ਰਹੀ ਹੈ | ਮੁੱਖ ਮੰਤਰੀ ਨੇ ਅੱਜ ਬਠਿੰਡਾ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਅਤੇ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੱਥਾ ਟੇਕਿਆ | ਇਸ ਤੋਂ ਪਹਿਲਾਂ ਯਾਤਰਾ ਦਾ ਬਠਿੰਡਾ ਸ਼ਹਿਰ, ਕੋਟਸ਼ਮੀਰ, ਤਲਵੰਡੀ ਸਾਬੋ, ਸੰਗਰੂਰ, ਬਰਨਾਲਾ ਅਤੇ ਮਸਤੂਆਣਾ ਸਾਹਿਬ ਸਮੇਤ ਰਸਤੇ ਵਿਚ ਕਈ ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ | ਵੱਖ-ਵੱਖ ਥਾਈਾ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਪੱਛਮੀ ਬੰਗਾਲ 'ਚ ਸ਼ੁਰੂ ਕੀਤੀ ਗਈ ਡਰ ਤੇ ਵੰਡ ਦੀ ਰਾਜਨੀਤੀ ਹੁਣ ਪੰਜਾਬ 'ਚ ਲਾਗੂ ਕਰਨ ਦੀ ਸਾਜਿਸ਼ ਘੜੀ ਜਾ ਰਹੀ ਹੈ, ਜਿਥੇ ਫਿਰਕੂ ਤਾਕਤਾਂ ਸਮਾਜ ਦੇ ਧਰੁਵੀਕਰਨ ਅਤੇ ਸੱਤਾ 'ਤੇ ਕਬਜ਼ਾ ਕਰਨ ਲਈ ਭਾਈਚਾਰਿਆਂ ਨੂੰ ਇਕ-ਦੂਜੇ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ | ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਏਕਤਾ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ | ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਪਾਸ ਹੋਣ 'ਤੇ ਸੂਬਾ ਭਰ 'ਚ ਕੱਢੀ ਜਾ ਰਹੀ 'ਸ਼ੁਕਰਾਨਾ ਯਾਤਰਾ' ਦੇ ਤੀਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਤੇ ਹੋਰ ਆਗੂਆਂ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ | ਯਾਤਰਾ ਦੇ ਦਮਦਮਾ ਸਾਹਿਬ ਪੁੱਜਣ 'ਤੇ ਇਲਾਕੇ ਦੀ ਸੰਗਤ ਤੇ ਵੱਡੀ ਗਿਣਤੀ 'ਆਪ' ਵਰਕਰਾਂ ਨੇ ਯਾਤਰਾ 'ਤੇ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ | ਜਿਉਂ ਹੀ 'ਸ਼ੁਕਰਾਨਾ ਯਾਤਰਾ' ਤਲਵੰਡੀ ਸਾਬੋ ਹਲਕੇ ਦੀ ਹਦੂਦ 'ਚ ਦਾਖ਼ਲ ਹੋਈ ਤਾਂ ਕੈਬਨਿਟ ਦਾ ਦਰਜਾ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ 'ਚ ਸੰਗਤ ਅਤੇ 'ਆਪ' ਵਰਕਰਾਂ ਨੇ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ | ਯਾਤਰਾ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧਰਮ ਪਤਨੀ ਅਤੇ ਬੇਟੀ ਸਮੇਤ ਮੱਥਾ ਟੇਕਣ ਉਪਰੰਤ ਕੁਝ ਸਮਾਂ ਕੀਰਤਨ ਸਰਵਣ ਕੀਤਾ | ਤਖ਼ਤ ਸਾਹਿਬ ਦੇ ਬਾਹਰ ਸੈਂਕੜਿਆਂ ਦੀ ਗਿਣਤੀ 'ਚ ਇਕੱਤਰ ਲੋਕਾਂ ਨੂੰ ਸੰਬੋਧਨ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਬੇਅਦਬੀ ਕਾਨੂੰਨ ਸਖ਼ਤ ਨਾ ਹੋਣ ਕਾਰਨ ਅਕਸਰ ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਹੋਣ ਦੇ ਬਹਾਨੇ ਜ਼ਮਾਨਤ ਲੈ ਕੇ ਛੁੱਟ ਜਾਂਦੇ ਸਨ, ਪਰ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਅਸੀਂ ਅਜਿਹਾ ਕਾਨੂੰਨ ਬਣਾਇਆ ਹੈ ਕਿ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਵੀ ਸਾਰੀ ਉਮਰ ਜੇਲ੍ਹ 'ਚ ਰਹੇਗਾ | ਉਨ੍ਹਾਂ ਬਿਨਾਂ ਕਿਸੇ ਸਿਆਸੀ ਧਿਰ ਦਾ ਨਾਂਅ ਲੈਂਦਿਆਂ ਕਿਹਾ ਕਿ ਜਿਹੜੇ ਅੱਜ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਖ਼ੁਦ ਦੇ ਹੱਥ ਬੇਅਦਬੀ ਕੇਸਾਂ 'ਚ ਰੰਗੇ ਹੋਏ ਹਨ | ਮੁੱਖ ਮੰਤਰੀ ਨੇ ਭਾਜਪਾ ਅਤੇ ਆਰ.ਐਸ. ਐੱਸ 'ਤੇ ਨਿਸ਼ਾਨੇ ਕੱਸਦਿਆਂ ਕਿਹਾ ਕਿ ਮੈਨੂੰ ਆਰ.ਐਸ.ਐਸ. ਵਾਲੇ ਦੇਸ਼ ਵਿਰੋਧੀ ਦੱਸ ਰਹੇ ਨੇ, ਜਦੋਂਕਿ ਇਨ੍ਹਾਂ ਦੇ ਨਾਗਪੁਰ ਵਾਲੇ ਹੈੱਡਕੁਆਟਰ 'ਤੇ 52 ਵਰ੍ਹੇ ਤੱਕ ਇਨ੍ਹਾਂ ਨੇ ਕੌਮੀ ਝੰਡਾ ਹੀ ਨਹੀਂ ਸੀ ਲਹਿਰਾਇਆ ਤੇ ਹੁਣ ਇਹ ਸਾਨੂੰ ਸਰਟੀਫ਼ਿਕੇਟ ਵੰਡ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ 'ਚ ਫੁੱਟ ਪਾਉਣ ਵਾਲੀ ਪਾਰਟੀ ਹੈ, ਇਹ ਜਿਸ ਰਾਜ 'ਚ ਸਰਕਾਰ ਬਣਾਉਣ ਦੀ ਤਾਕ 'ਚ ਹੁੰਦੀ ਹੈ, ਉੱਥੇ ਪਹਿਲਾਂ ਦੋ ਧੜਿਆਂ 'ਚ ਵਿਵਾਦ ਪੈਦਾ ਕਰਵਾ ਕੇ ਫਿਰ ਇਕ ਧੜੇ ਨਾਲ ਖੜ੍ਹ ਜਾਂਦੀ ਹੈ ਪਰ ਪੰਜਾਬ 'ਚ ਉਸ ਦੀ ਵੰਡ ਪਾਊ ਨੀਤੀ ਕਾਮਯਾਬ ਨਹੀਂ ਹੋਣ ਦੇਵਾਂਗੇ | ਮੁੱਖ ਮੰਤਰੀ ਨੇ ਕਿਹਾ ਕਿ ਹੁਣ ਭਾਜਪਾ ਅਕਾਲੀਆਂ ਨਾਲ ਗੱਠਜੋੜ ਕਰਨ ਦੀ ਤਾਕ 'ਚ ਹੈ, ਤਾਂ ਕਿ ਪੰਜਾਬ 'ਚ ਸਰਕਾਰ ਬਣਾ ਸਕੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਰੋਧੀ ਮਨਸੂਬੇ ਵਾਲੀ ਭਾਜਪਾ ਨੂੰ ਵੋਟ ਨਾ ਪਾਈ ਜਾਵੇ | ਉਨ੍ਹਾਂ ਕਿਹਾ ਕਿ ਬੇਅਦਬੀ ਸੰਬੰਧੀ ਕਾਨੂੰਨ ਬਣਾਉਣ 'ਤੇ ਹਰ ਵਰਗ ਉਨ੍ਹਾਂ ਨੂੰ ਭਰਪੂਰ ਪਿਆਰ ਦੇ ਰਿਹੈ ਤੇ 'ਸ਼ੁਕਰਾਨਾ ਯਾਤਰਾ' ਦਾ ਹਰ ਥਾਂ ਭਰਵਾਂ ਸਵਾਗਤ ਇਸ ਦਾ ਸਬੂਤ ਹੈ | ਮੁੱਖ ਮੰਤਰੀ ਦੀ ਯਾਤਰਾ ਦੌਰਾਨ ਜ਼ਿਲੇ੍ਹ ਦੇ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਹਲਕਾ ਮੌੜ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ, ਜਥੇਦਾਰ ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਐਡਵੋਕੇਟ ਉਦੈਵੀਰ ਸਿੰਘ, ਬੀਬੀ ਕੁਲਵੀਰ ਕੌਰ ਸਰਾਂ ਪ੍ਰਧਾਨ ਨਗਰ ਕੌਂਸਲ, ਬਲਵਿੰਦਰ ਸਿੰਘ ਬੱਲ੍ਹੋ ਚੇਅਰਮੈਨ ਮੌੜ, ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਰਾਮਾਂ, ਬੀਬੀ ਜਸਵਿੰਦਰ ਕੌਰ ਮੈਂਬਰ ਪੰਜਾਬ ਮਹਿਲਾ ਕਮਿਸ਼ਨ, ਹਰਜੀਤ ਸਿੰਘ ਸਰਾਂ, ਗੁਰਤੇਜ ਸਿੰਘ ਜੋਗੇਵਾਲਾ ਤੇ ਤਰਸੇਮ ਸਿੰਗਲਾ, ਅਵਤਾਰ ਸਿੰਘ ਜਗ੍ਹਾ ਪ੍ਰਧਾਨ ਟਰੱਕ ਯੂਨੀਅਨ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੈਨੂੰ ਸਿਆਸੀ ਤੌਰ 'ਤੇ ਬਦਨਾਮ ਕੀਤਾ ਜਾ ਰਿਹਾ ਹੈ-ਅਮਨ ਅਰੋੜਾ ਅਗਲੀ ਖ਼ਬਰ ਆਸਥਾ ਨਾਲ ਜੁੜੇ ਸਮਾਜ ਨੂੰ ਲੰਬੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ-ਮੋਦੀ
Ad Position 24
No active advertisement