ਕਿਹਾ, ਚੋਣਾਂ ਤੋਂ ਪਹਿਲਾਂ ਸਿਆਸੀ ਵਿਰੋਧੀਆਂ ਨੂੰ ਡਰਾਉਣ ਲਈ ਭਾਜਪਾ ਈ.ਡੀ. ਦੀ ਕਰ ਰਹੀ ਹੈ ਵਰਤੋਂ
ਚੰਡੀਗੜ੍ਹ, 8 ਮਈ (ਅਜਾਇਬ ਸਿੰਘ ਔਜਲਾ)-'ਆਪ' ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਬਦਨਾਮ ਕਰਨ ਲਈ ਸਾਰਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ | ਪਾਰਟੀ ਦੇ ਮੁੱਖ ਦਫ਼ਤਰ ਸੈਕਟਰ-39 ਵਿਖੇ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਗੌਰਵ ਧੀਰ ਮੇਰੇ ਭਰਾਵਾਂ ਵਾਂਗ ਹੈ, ਪਰ ਜਿਸ ਰੂਪ ਵਿਚ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਹ ਘਟੀਆ ਰਾਜਨੀਤੀ ਦੀ ਸੋਚ ਹੈ | ਉਨ੍ਹਾਂ ਭਾਜਪਾ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਅਜਿਹੀ ਰਾਜਨੀਤੀ ਨਾਲ ਪੰਜਾਬ ਦੇ ਲੋਕਾਂ ਨੂੰ 'ਆਪ' ਤੋਂ ਦੂਰ ਨਹੀਂ ਲਿਜਾਇਆ ਜਾ ਸਕਦਾ | ਅਮਨ ਅਰੋੜਾ ਨੇ ਕਿਹਾ ਕਿ ਉਹ ਪਿਛਲੇ 31 ਸਾਲਾਂ ਤੋਂ ਰਾਜਨੀਤੀ 'ਚ ਹਨ, ਉਨ੍ਹਾਂ ਨੇ ਨਾ ਕਦੇ ਕੋਈ ਗ਼ਲਤ ਕੰਮ ਕੀਤਾ ਹੈ, ਨਾ ਹੀ ਅੱਗੋਂ ਕਰਨਗੇ, ਜੇ ਕੋਈ ਗ਼ਲਤ ਕੰਮ ਸਾਬਤ ਕਰ ਦੇਵੇ, ਤਾਂ ਉਹ ਰਾਜਨੀਤੀ ਛੱਡ ਦੇਣਗੇ | ਉਨ੍ਹਾਂ ਕਿਹਾ ਕਿ ਇਹ ਹਲਕੇ ਢੰਗ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਤੋਂ ਉਹ ਡਰਨ ਵਾਲੇ ਨਹੀਂ ਹਨ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਫ਼ੋਨ ਦੀ ਫੋਰੈਂਸਿਕ ਜਾਂਚ ਜਿਥੋਂ ਵੀ ਕਿਸੇ ਨੇ ਕਰਵਾਉਣੀ ਹੋਵੇ, ਕਰਵਾਈ ਜਾ ਸਕਦੀ ਹੈ | ਅਮਨ ਅਰੋੜਾ ਨੇ ਕਿਹਾ ਕਿ ਈ.ਡੀ. ਵਾਲੇ ਦੱਸਣ ਕਿ ਜਿਥੇ ਉਹ ਮੈਨੂੰ ਬੁਲਾਉਣਾ ਚਾਹੁੰਦੇ ਹੋਣ, ਉਹ ਉਥੇ ਜਾਣ ਲਈ ਵੀ ਤਿਆਰ ਹਨ | ਅਮਨ ਅਰੋੜਾ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਤੇ ਇਸ ਪੂਰੇ ਘਟਨਾਕ੍ਰਮ ਨੂੰ ਚੋਣਾਂ ਤੋਂ ਪਹਿਲਾਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੀ ਡਰਾਉਣ-ਧਮਕਾਉਣ ਅਤੇ ਚਰਿੱਤਰ ਹਨਨ ਦੀ ਰਾਜਨੀਤੀ ਦਾ ਪ੍ਰਤੀਕ ਕਰਾਰ ਦਿੱਤਾ | ਉਨ੍ਹਾਂ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਹੋਈ ਈ.ਡੀ. ਦੀ ਛਾਪੇਮਾਰੀ ਤੋਂ ਪੂਰੀ ਤਰ੍ਹਾਂ ਅਣਜਾਣ ਸਨ, ਕਿਉਂਕਿ ਉਹ ਵਿਭਾਗੀ ਮੀਟਿੰਗਾਂ 'ਚ ਹਿੱਸਾ ਲੈਣ ਤੋਂ ਪਹਿਲਾਂ ਆਪਣੀ ਮਾਤਾ ਦੀ ਦੇਖਭਾਲ ਕਰ ਰਹੇ ਸਨ, ਜੋ ਪਿਛਲੇ ਦੋ ਹਫ਼ਤਿਆਂ ਤੋਂ ਆਈ.ਸੀ.ਯੂ. 'ਚ ਦਾਖ਼ਲ ਹਨ | ਉਨ੍ਹਾਂ ਕਿਹਾ ਕਿ ਮੈਨੂੰ ਛਾਪੇਮਾਰੀ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਮੀਟਿੰਗ ਦੌਰਾਨ ਪਾਰਟੀ ਸਾਥੀਆਂ ਅਤੇ ਮੀਡੀਆ ਕਰਮੀਆਂ ਦੇ ਫ਼ੋਨ ਅਤੇ ਵੀਡੀਓ ਆਉਣੇ ਸ਼ੁਰੂ ਹੋਏ | ਉਨ੍ਹਾਂ ਕਿਹਾ ਕਿ ਇਕ ਝੂਠਾ ਬਿਰਤਾਂਤ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਤੇ ਹੌਲੀ-ਹੌਲੀ ਇਸ ਨੂੰ ਮੋੜਾ ਦੇ ਕੇ ਸਿਰਫ਼ ਗੌਰਵ ਧੀਰ ਨਾਲ ਦੋਸਤੀ ਹੋਣ ਕਰਕੇ ਮੇਰਾ ਨਾਂਅ ਇਸ ਵਿਵਾਦ 'ਚ ਘੜੀਸਿਆ ਗਿਆ, ਜਦਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ | ਆਪਣੀ ਸਥਿਤੀ ਹੋਰ ਸਪੱਸ਼ਟ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਤੋਂ ਪਹਿਲਾਂ ਇਸ ਕੇਸ ਨਾਲ ਜੋੜੇ ਜਾ ਰਹੇ ਕਈ ਵਿਅਕਤੀਆਂ ਦੇ ਨਾਂਅ ਵੀ ਨਹੀਂ ਸੁਣੇ ਸਨ, ਜਿਨ੍ਹਾਂ 'ਚ ਸੁਰੇਸ਼ ਕੁਮਾਰ ਬਜਾਜ, ਅਜੇ ਸਹਿਗਲ, ਨਿਤਿਨ ਗੋਇਲ ਤੇ ਪਿ੍ਤਪਾਲ ਸਿੰਘ ਢੀਂਡਸਾ ਸ਼ਾਮਿਲ ਹਨ | ਅਮਨ ਅਰੋੜਾ ਨੇ ਕਿਹਾ ਕਿ ਮੈਂ ਕੱਲ੍ਹ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਇਹ ਨਾਂਅ ਸੁਣੇ ਹਨ | ਅਮਨ ਅਰੋੜਾ ਨੇ ਕਿਹਾ ਕਿ 1991 'ਚ ਰਾਜਨੀਤੀ 'ਚ ਆਉਣ ਤੋਂ ਬਾਅਦ ਕਦੇ ਕਿਸੇ ਤੋਂ ਇਕ ਰੁਪਿਆ ਵੀ ਮੰਗਿਆ ਹੋਵੇ ਤਾਂ ਉਹ ਤੁਰੰਤ ਰਾਜਨੀਤੀ ਛੱਡ ਦੇਣਗੇ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਨਾਮਜ਼ਦ ਵਿਅਕਤੀਆਂ 'ਚੋਂ ਇਕ ਸੁਰੇਸ਼ ਕੁਮਾਰ ਬਜਾਜ ਨੇ 2023-24 ਦੌਰਾਨ ਭਾਜਪਾ ਨੂੰ 2.5 ਲੱਖ ਰੁਪਏ ਦਾਨ ਕੀਤੇ ਸਨ, ਪਰ ਇਸ ਤੱਥ ਨੂੰ ਜਾਣਬੁੱਝ ਕੇ ਛੁਪਾਇਆ ਗਿਆ | ਗੌਰਵ ਧੀਰ ਨਾਲ ਆਪਣੇ ਸੰਬੰਧਾਂ ਬਾਰੇ ਲੱਗੇ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਗੌਰਵ ਧੀਰ ਨਾਲ ਉਨ੍ਹਾਂ ਦੀ ਦੋਸਤੀ 22 ਸਾਲ ਤੋਂ ਵੱਧ ਪੁਰਾਣੀ ਹੈ, ਭਾਵੇਂ ਉਨ੍ਹਾਂ ਦੇ ਮਜ਼ਬੂਤ ਨਿੱਜੀ ਸੰਬੰਧ ਹਨ, ਪਰ ਉਨ੍ਹਾਂ ਦਾ ਉਸ ਨਾਲ ਕਦੇ ਕੋਈ ਕਾਰੋਬਾਰੀ ਲੈਣ-ਦੇਣ ਨਹੀਂ ਰਿਹਾ |
ਮੈਨੂੰ ਸਿਆਸੀ ਤੌਰ 'ਤੇ ਬਦਨਾਮ ਕੀਤਾ ਜਾ ਰਿਹਾ ਹੈ-ਅਮਨ ਅਰੋੜਾ
ਅਜੀਤ ਡੈਸਕ
09-05-2026