ਅੰਮਿ੍ਤਸਰ, 8 ਮਈ (ਜਸਵੰਤ ਸਿੰਘ ਜੱਸ)-ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਬਾਅਦ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਹਨ ਅਤੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ | ਉਨ੍ਹਾਂ ਕਿਹਾ ਕਿ ਅਸੀਂ ਜੋ ਵੀ ਕੰਮ ਕੀਤਾ ਜਾਂ ਕਰਾਂਗੇ, ਉਹ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹੋਵੇਗਾ | ਉਨ੍ਹਾਂ ਕਿਹਾ ਕਿ ਬੇਅਦਬੀ ਕਾਨੂੰਨ ਗੁਰੂ ਪੰਥ ਦੀਆਂ ਭਾਵਨਾਵਾਂ ਮੁਤਾਬਕ ਬਣਾਇਆ ਗਿਆ ਹੈ | ਸਿੱਖ ਜਥੇਬੰਦੀਆਂ ਨੂੰ ਭਰੋਸੇ 'ਚ ਨਾ ਲੈਣ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਗੱਲ ਠੀਕ ਨਹੀਂ, ਕਾਨੂੰਨ ਬਣਾਉਣ ਤੋਂ ਪਹਿਲਾਂ ਸਰਕਾਰ ਵਲੋਂ ਬਕਾਇਦਾ ਅਖ਼ਬਾਰਾਂ 'ਚ ਇਸ਼ਤਿਹਾਰ ਦਿੱਤੇ ਗਏ ਸਨ ਤੇ ਈਮੇਲ ਆਦਿ ਦੇ ਕੇ ਸੁਝਾਅ ਮੰਗੇ ਗਏ ਸਨ | ਉਨ੍ਹਾਂ ਕਿਹਾ ਕਿ ਜੇਕਰ ਕੁਝ ਤਕਨੀਕੀ ਜਾਂ ਹੋਰ ਮਸਲੇ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਢਾਲਿਆ ਜਾ ਸਕਦਾ ਹੈ | ਸ: ਸੰਧਵਾਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ ਤੇ ਉਹ ਜਥੇਦਾਰ ਦੇ ਆਦੇਸ਼ ਅਨੁਸਾਰ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਵੀ ਗਏ | ਜਿਥੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਪਬਲੀਕੇਸ਼ਨ ਵਿਭਾਗ ਦੇ ਕੰਮ-ਕਾਜ ਦੀ ਜਾਣਕਾਰੀ ਦਿੱਤੀ, ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਬੰਧੀ ਰਿਕਾਰਡ ਨੂੰ ਰੱਖਿਆ ਜਾਂਦਾ ਹੈ |