ਨਵੀਂ ਦਿੱਲੀ, 11 ਮਈ (ਉਪਮਾ ਡਾਗਾ ਪਾਰਥ)- 1 ਜੁਲਾਈ ਤੋਂ ਦਿਹਾਤੀ ਰੁਜ਼ਗਾਰ ਦੀ ਗਾਰੰਟੀ ਵਾਲੀ ਪੁਰਾਣੀ ਸਕੀਮ 'ਮਗਨਰੇਗਾ' ਖ਼ਤਮ ਹੋ ਜਾਏਗੀ ਅਤੇ ਕੇਂਦਰ ਵਲੋਂ ਇਸ ਦੀ ਥਾਂ 'ਤੇ ਲਿਆਂਦੀ ਨਵੀਂ ਸਕੀਮ 'ਵਿਕਸਿਤ ਭਾਰਤ ਗਾਰੰਟੀ ਫ਼ਾਰ ਰੁਜ਼ਗਾਰ ਅਤੇ ਜੀਵਿਕਾ ਮਿਸ਼ਨ (ਗ੍ਰਾਮੀਣ)-ਜੀ ਰਾਮ ਜੀ' ਲਾਗੂ ਹੋ ਜਾਏਗੀ | ਕੇਂਦਰ ਨੇ ਸੋਮਵਾਰ ਨੂੰ 'ਜੀ ਰਾਮ ਜੀ' ਕਾਨੂੰਨ 2025 ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ | ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ ਹਰ ਵਿੱਤੀ ਸਾਲ 'ਚ 125 ਦਿਨ ਦੀ ਰੁਜ਼ਗਾਰ ਗਾਰੰਟੀ ਦਾ ਕਾਨੂੰਨ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ | ਦੇਸ਼ ਭਰ 'ਚ ਇਸ ਨੂੰ ਲਾਗੂ ਕਰਨ ਲਈ ਮੌਜੂਦਾ ਵਿੱਤੀ ਸਾਲ 'ਚ ਯੋਜਨਾ ਲਈ 98 ਹਜ਼ਾਰ 692 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਵਲੋਂ ਮਗਨਰੇਗਾ ਖ਼ਤਮ ਕਰਨ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਗਿਆ ਸੀ ਕਿ ਸਰਕਾਰ ਮਹਾਤਮਾ ਗਾਂਧੀ ਦਾ ਨਾਂਅ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ |